ਗਉੜੀ ਕਬੀਰ ਜੀ ॥
ਮਨ ਕਾ ਸੁਭਾਉ ਮਨਹਿ ਬਿਆਪੀ ॥
ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥

ਕਵਨੁ ਸੁ ਮੁਨਿ ਜੋ ਮਨੁ ਮਾਰੈ ॥
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥

ਮਨ ਅੰਤਰਿ ਬੋਲੈ ਸਭੁ ਕੋਈ ॥
ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥

ਕਹੁ ਕਬੀਰ ਜੋ ਜਾਨੈ ਭੇਉ ॥
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥

Sahib Singh
ਮਨਹਿ ਬਿਆਪੀ = (ਸਾਰੇ) ਮਨ ਉੱਤੇ ਪ੍ਰਭਾਵ ਪਾ ਰੱਖਦਾ ਹੈ, (ਸਾਰੇ) ਮਨ ਨੂੰ ਵੇੜ੍ਹੀ ਰੱਖਦਾ ਹੈ ।
ਮਨਹਿ ਮਾਰਿ = ਮਨ ਨੂੰ ਮਾਰ ਕੇ ।
ਕਵਨ ਸਿਧਿ = ਕਿਹੜੀ ਸਫਲਤਾ ?
ਥਾਪੀ = ਮਿਥ ਲਈ ਹੈ, ਖੱਟ ਲਈ ਹੈ ।
ਸੁਭਾਉ = {ਸ੍ਵ—ਭਾਵ} ਨਿਜ ਦੀ ਲਗਨ, ਰੁਚੀ ।
ਮਾਰਿ = ਮਾਰ ਕੇ ।
ਕਹਹੁ = ਦੱਸੋ ।
ਕਿਸੁ = ਕਿਸ ਨੂੰ ?
    ।੧।ਰਹਾਉ ।
ਮਨ ਅੰਤਰਿ = ਮਨ ਦੇ ਅੰਦਰ, ਮਨ ਦੇ ਅਸਰ ਹੇਠ, ਮਨ ਦਾ ਪ੍ਰੇਰਿਆ ਹੋਇਆ ।
ਸਭੁ ਕੋਈ = ਹਰੇਕ ਜੀਵ ।੨ ।
ਭੇਉ = ਭੇਦ ।
ਮਧੁ ਸੂਦਨੁ = ਮਧੂ ਦੈਂਤ ਨੂੰ ਮਾਰਨ ਵਾਲਾ, ਪਰਮਾਤਮਾ ।
ਤਿ੍ਰਭਵਣ ਦੇਉ = ਤਿੰਨਾਂ ਲੋਕਾਂ ਨੂੰ ਚਾਨਣ ਕਰਨ ਵਾਲਾ ।੩ ।
    
Sahib Singh
(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ, (ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ।੧ ।
ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ ?
ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ ?
।੧।ਰਹਾਉ ।
ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ; ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ।੨ ।
ਹੇ ਕਬੀਰ! ਆਖ—ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ।੩।੨੮ ।
ਸ਼ਬਦ ਦਾ
ਭਾਵ:- ਜੋ ਜੋ ਚੰਗਾ-ਮੰਦਾ ਕੰਮ ਮਨੁੱਖ ਕਰਦਾ ਰਹਿੰਦਾ ਹੈ ਉਹਨਾਂ ਸਭਨਾਂ ਦੇ ਸੰਸਕਾਰ ਮਨੁੱਖ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਹਨ, ਸੰਸਕਾਰਾਂ ਦੇ ਇਸ ਇਕੱਠ ਦਾ ਨਾਮ ਹੈ ‘ਮਨ’ ।
ਜਦੋਂ ਕੋਈ ਇਕ ਖ਼ਾਸ ਚੰਗੀ ਜਾਂ ਮੰਦੀ ਵਾਦੀ ਬਣ ਜਾਏ ਤਾਂ ਉਹ ਮਨ ਦੇ ਬਾਕੀ ਦੇ ਸੰਸਕਾਰਾਂ ਨੂੰ ਦਬਾ ਰੱਖਦੀ ਹੈ ਤੇ ਮਨੁੱਖ ਦੇ ਸਾਰੇ ਜੀਵਨ ਨੂੰ ਓਧਰ ਹੀ ਪਲਟਾ ਲੈਂਦੀ ਹੈ ।
ਮਨੁੱਖ ਦੀ ਸਾਰੀ ਦੌੜ-ਭੱਜ ਮਨ ਦੇ ਇਹਨਾਂ ਸੰਸਕਾਰਾਂ ਦੀ ਪ੍ਰੇਰਨਾ ਦੇਆਸਰੇ ਹੁੰਦੀ ਹੈ ।
ਜੇ ਮਨ ਨੂੰ ਮਾਰਨ ਦਾ ਜਤਨ ਕੀਤਾ ਜਾਏ, ਮਨ ਨੂੰ ਉੱਕਾ ਹੀ ਮੁਕਾ ਦੇਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਮਨੁੱਖਾ ਜੀਵਨ ਦੀ ਸਾਰੀ ਕਿ੍ਰਆ ਹੀ ਮੁੱਕ ਜਾਏ ।
ਸੋ, ਮਨ ਨੂੰ ਮੁਕਾਉਣਾ ਨਹੀਂ, ਇਸ ਦੀਆਂ ਉਹਨਾਂ ਰੁਚੀਆਂ ਨੂੰ ਵੱਸ ਵਿਚ ਲਿਆਉਣਾ ਹੈ ਜੋ ਮੰਦੇ ਪਾਸੇ ਲੈ ਜਾਂਦੀਆਂ ਹਨ, ਜਿਵੇਂ: ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਸੁਖੁ ਪਾਵਹੁ ਕਿਰਤੁ ਨ ਮੇਟਿਆ ਜਾਈ ॥ (ਬਸੰਤੁ ਮਹਲਾ ੧) ਕਾਮ (=ਪਿਆਰ) ਤੇ ਕ੍ਰੋਧ ਨੂੰ ਮੁਕਾਉਣਾ ਨਹੀਂ, ਇਹਨਾਂ ਨੂੰ ਬਸੋਲੇ ਬਣਾਣਾ ਹੈ ।
ਜ਼ਿਮੀਦਾਰ ਖੇਤੀ ਵਿਚੋਂ ਗੋਡੀ ਕਰ ਕੇ ਘਾਹ-ਬੂਟ ਪੁੱਟਦਾ ਹੈ, ਪਰ ਕਮਾਦ, ਕਪਾਹ ਆਦਿ ਦੇ ਬੂਟਿਆਂ ਨੂੰ ਧਿਆਨ ਨਾਲ ਬਚਾਈ ਜਾਂਦਾ ਹੈ ।
ਇਸੇ ਤ੍ਰਹਾਂ ਮਨੁੱਖਾ-ਜੀਵਨ ਰੂਪ ਫ਼ਸਲ ਵਿਚੋਂ ਵਿਕਾਰਾਂ ਦੇ ਸੰਸਕਾਰਾਂ-ਰੂਪ ਨਦੀਨ ਨੂੰ ਜੜ੍ਹੋਂ ਪੁੱਟਣਾ ਹੈ; ਵਿਕਾਰਾਂ ਦੇ ਸੰਸਕਾਰਾਂ ਉਤੇ, ਮਾਨੋ, ਕ੍ਰੋਧ ਵਰਤਣਾ ਹੈ; ਪਰ ਸ਼ੁਭ ਗੁਣਾਂ ਨੂੰ ਪਿਆਰ ਕਰਨਾ ਹੈ, ਸਾਂਭ ਰੱਖਣਾ ਹੈ ।੨੮ ।

ਨੋਟ: ਇਸ ਸ਼ਬਦ ਵਿਚ ਜੋਗੀਆਂ ਦੇ ਸੁੰਨਮੁੰਨ ਹੋ ਕੇ ਬੈਠੇ ਰਹਿਣ ਨੂੰ ਕੋਝਾ ਉੱਦਮ ਦੱਸ ਕੇ ਕਬੀਰ ਜੀ ਆਖਦੇ ਹਨ ਕਿ ਅਸਲ ਵਿਚ ਮਨ ਨੂੰ ਵਿਕਾਰਾਂ ਵਲੋਂ ਰੋਕਣਾ ਹੈ, ਤੇ ਜਗਤ ਦੀ ਕਾਰ-ਕਿਰਤ ਭੀ ਕਰਨੀ ਹੈ ।
ਸੁੰਨਮੁੰਨ ਹੋ ਕੇ ਜੇ ਵਿਕਾਰਾਂ ਵੱਲੋਂ ਹਟਿਆ ਤਾਂ ਉਹ ਜੜ੍ਹ ਜਿਹਾ ਹੋ ਕੇ ਭਲੇ ਪਾਸੇ ਵਲੋਂ ਭੀ ਹਟਿਆ ਰਿਹਾ ।
Follow us on Twitter Facebook Tumblr Reddit Instagram Youtube