ਗਉੜੀ ਕਬੀਰ ਜੀ ॥
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥
ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥

ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥
ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥

ਸਾਹਨਿ ਸਤੁ ਕਰੈ ਜੀਅ ਅਪਨੈ ॥
ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥

ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥
ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥

Sahib Singh
ਹੋਇ ਕੈਸੇ = ਕਿਵੇਂ ਹੋ ਸਕਦੀ ਹੈ ?
    ਕਿਵੇਂ ਅਖਵਾ ਸਕਦੀ ਹੈ ?
ਸਤ = ਸੁੱਚਾ ਆਚਰਨ ।
ਨਾਰਿ = ਇਸਤ੍ਰੀ ।
ਪੰਡਿਤ = ਹੇ ਪੰਡਿਤ !
ਬੀਚਾਰਿ = ਵਿਚਾਰ ਕਰ ਕੇ ।੧ ।
ਬਧੈ = ਬਣ ਸਕਦਾ ਹੈ ।
ਸਨੇਹੁ = ਪਿਆਰ ।
ਰਸੁ = ਮਾਇਆ ਦਾ ਸੁਆਦ ।੧।ਰਹਾਉ ।
ਸਾਹਨਿ = ਸ਼ਾਹਣੀ, ਸ਼ਾਹ ਦੀ ਵਹੁਟੀ, ਪ੍ਰਭੂ-ਸ਼ਾਹ ਦੀ ਇਸਤ੍ਰੀ, ਮਾਇਆ ।
ਸਤੁ ਕਰੈ = ਸੱਤ ਸਮਝਦਾ ਹੈ ।
ਜੀਅ = ਹਿਰਦੇ ਵਿਚ ।
ਰਮਯੇ ਕਉ = ਰਾਮ ਨੂੰ ।੨ ।
ਸਉਪਿ = ਸੌਂਪੇ, ਹਵਾਲੇ ਕਰ ਦੇਵੇ ।
ਸੁਹਾਗਨਿ = ਸੁਹਾਗ ਵਾਲੀ, ਭਾਗਾਂ ਵਾਲੀ ।੩ ।
    
Sahib Singh
ਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ, ਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ ?
।੧ ।
(ਇਸੇ ਤ੍ਰਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ ?
ਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ।੧।ਰਹਾਉ ।
ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ ਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ।੨ ।
ਕਬੀਰ ਆਖਦਾ ਹੈ—ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ ।੩।੨੩ ।
ਸ਼ਬਦ ਦਾ
ਭਾਵ: ਮਾਇਆ ਦਾ ਮੋਹ ਤਿਆਗਿਆਂ ਹੀ ਪ੍ਰਭੂ-ਚਰਨਾਂ ਵਿਚ ਪਿਆਰ ਬਣ ਸਕਦਾ ਹੈ; ਦੋਵੇਂ ਇਕੱਠੇ ਨਹੀਂ ਟਿਕ ਸਕਦੇ ।੨੩ ।
Follow us on Twitter Facebook Tumblr Reddit Instagram Youtube