ਗਉੜੀ ਕਬੀਰ ਜੀ ॥
ਕਤ ਨਹੀ ਠਉਰ ਮੂਲੁ ਕਤ ਲਾਵਉ ॥
ਖੋਜਤ ਤਨ ਮਹਿ ਠਉਰ ਨ ਪਾਵਉ ॥੧॥

ਲਾਗੀ ਹੋਇ ਸੁ ਜਾਨੈ ਪੀਰ ॥
ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ ॥

ਏਕ ਭਾਇ ਦੇਖਉ ਸਭ ਨਾਰੀ ॥
ਕਿਆ ਜਾਨਉ ਸਹ ਕਉਨ ਪਿਆਰੀ ॥੨॥

ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥
ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥

Sahib Singh
ਕਤ = ਕਿਤੇ ।
ਠਉਰ = ਥਾਂ ।
ਮੂਲੁ = ਜੜ੍ਹੀ ਬੂਟੀ, ਦਵਾਈ ।
ਕਤ = ਕਿੱਥੇ ?
ਲਾਵਉ = ਮੈਂ ਲਾਵਾਂ ਖੋਜਤ—ਭਾਲ ਕਰ ਕਰ ਕੇ ।
ਤਨ ਮਹਿ = ਸਰੀਰ ਵਿਚ ।
ਨ ਪਾਵਉ = ਮੈਂ ਨਹੀਂ ਲੱਭ ਸਕਦਾ ।੧ ।
ਸੁ = ਉਹ ਮਨੁੱਖ ।
ਲਾਗੀ ਹੋਇ = (ਜਿਸ ਨੂੰ) ਲੱਗੀ ਹੋਈ ਹੋਵੇ ।
ਪੀਰ = ਪੀੜ ।
ਰਾਮ ਭਗਤਿ = ਪ੍ਰਭੂ ਦੀ ਭਗਤੀ ।
ਅਨੀਆਲੇ = ਅਣੀਆਂ ਵਾਲੇ, ਤਿ੍ਰਖੇ ।੧।ਰਹਾਉ ।
ਏਕ ਭਾਇ = ਇਕ (ਪ੍ਰਭੂ) ਦੇ ਪਿਆਰ ਵਿਚ {ਭਾਉ—ਪਿਆਰ ।
ਭਾਇ = ਪਿਆਰ ਵਿਚ} ।
ਦੇਖਉ = ਮੈਂ ਵੇਖਦਾ ਹਾਂ ।
ਸਭ ਨਾਰੀ = ਸਾਰੀਆਂ ਜੀਵ = ਇਸਤ੍ਰੀਆਂ ।
ਕਿਆ ਜਾਨਉ = ਮੈਂ ਕੀਹ ਜਾਣਾ, ਮੈਨੂੰ ਕੀਹ ਪਤਾ ?
ਸਹ ਪਿਆਰੀ = ਪਤੀ ਦੀ ਪਿਆਰੀ ।੨।ਜਾ ਕੈ ਮਸਤਕਿ—ਜਿਸ ਦੇ ਮੱਥੇ ਉੱਤੇ ।
ਭਾਗੁ = ਚੰਗੇ ਲੇਖ ।
ਤਾ ਕਉ = ਉਸ ਜੀਵ = ਇਸਤ੍ਰੀ ਨੂੰ ।
ਸਭ ਪਰਹਰਿ = ਸਾਰੀਆਂ ਨੂੰ ਛੱਡ ਕੇ ।
ਸੁਹਾਗੁ = ਪਤੀ ਪਰਮਾਤਮਾ ।੩ ।
    
Sahib Singh
ਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ); (ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ ?
(ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ।੧ ।
ਪ੍ਰਭੂ ਦੀ ਭਗਤੀ ਅਣੀਆਂ ਵਾਲੇ ਤੀਰ ਹਨ, ਜਿਸ ਨੂੰ (ਇਹਨਾਂ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ) ।੧।ਰਹਾਉ ।
ਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ, (ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ ।੨ ।
ਹੇ ਕਬੀਰ! ਆਖ—ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ), ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ।੩।੨੧ ।
ਸ਼ਬਦ ਦਾ
ਭਾਵ:- ਵੇਖਣ ਨੂੰ ਤਾਂ ਸਭ ਜੀਵ ਪ੍ਰਭੂ ਨੂੰ ਮਿਲਣ ਦਾ ਉੱਦਮ ਕਰ ਰਹੇ ਹਨ; ਪਰ ਪ੍ਰਭੂ ਮਿਲਦਾ ਉਸੇ ਵਡਭਾਗੀ ਨੂੰ ਹੈ, ਜਿਸ ਦਾ ਹਿਰਦਾ ਪ੍ਰੇਮ ਨਾਲ ਵਿੱਝ ਜਾਂਦਾ ਹੈ ।੨੧ ।
Follow us on Twitter Facebook Tumblr Reddit Instagram Youtube