ਗਉੜੀ ਕਬੀਰ ਜੀ ॥
ਚੋਆ ਚੰਦਨ ਮਰਦਨ ਅੰਗਾ ॥
ਸੋ ਤਨੁ ਜਲੈ ਕਾਠ ਕੈ ਸੰਗਾ ॥੧॥

ਇਸੁ ਤਨ ਧਨ ਕੀ ਕਵਨ ਬਡਾਈ ॥
ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥

ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥
ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥

ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥
ਮਰਤੀ ਬਾਰ ਕਸਿ ਬਾਧਿਓ ਚੋਰ ॥੩॥

ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥
ਰਾਮੈ ਰਾਮ ਰਮਤ ਸੁਖੁ ਪਾਵੈ ॥੪॥

ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥
ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥

ਕਹਤ ਕਬੀਰ ਚੇਤਿ ਰੇ ਅੰਧਾ ॥
ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥

Sahib Singh
ਚੋਆ = ਅਤਰ ।
ਮਰਦਨ = ਮਾਲਸ਼ ।
ਅੰਗਾ = (ਸਰੀਰ ਦੇ) ਅੰਗਾਂ ਨੂੰ ।
ਜਲੈ = ਸੜ ਜਾਂਦਾ ਹੈ ।
ਕਾਠ ਕੈ ਸੰਗਾ = ਲੱਕੜਾਂ ਨਾਲ ।੧ ।
ਕਵਨ ਬਡਾਈ = ਕਿਹੜੀ ਵਡਿਆਈ ਹੈ ?
    ਕੀਹ ਮਾਣ ਕਰਨਾ ਹੋਇਆ ?
ਧਰਨਿ = ਧਰਤੀ ਤੇ ।
ਪਰੈ = ਪਿਆ ਰਹਿ ਜਾਂਦਾ ਹੈ ।
ਉਰਵਾਰਿ = ਉਰਲੇ ਪਾਸੇ ਹੀ, ਇਥੇ ਹੀ ।
ਨ ਜਾਈ = (ਨਾਲ) ਨਹੀਂ ਜਾਂਦਾ ।੧।ਰਹਾਉ ।
ਦਿਨ = ਦਿਨੇ, ਸਾਰਾ ਦਿਨ ।
ਕਾਮ = ਕੰਮ = ਕਾਰ ।
ਕਰਹਿ = ਕਰਦੇ ਹਨ ।
ਜਿ = ਜੋ ਮਨੁੱਖ ।
ਇਕੁ ਖਿਨੁ = ਰਤਾ ਭਰ ਭੀ, ਪਲ ਮਾਤ੍ਰ ਭੀ ।
ਨ ਲੈਹਿ = ਨਹੀਂ ਲੈਂਦੇ ।੨ ।
ਹਾਥਿ = (ਉਹਨਾਂ ਦੇ) ਹੱਥ ਵਿਚ ।
ਤ = ਤਾਂ ।
ਡੋਰ = (ਬਾਜਾਂ ਦੀਆਂ) ਡੋਰਾਂ ।
ਮੁਖਿ = ਮੂੰਹ ਵਿਚ ।
ਤੰਬੋਰ = ਪਾਨ ।
ਕਸਿ = ਕੱਸ ਕੇ, ਘੁੱਟ ਕੇ ।
ਚੋਰ = ਚੋਰਾਂ ਵਾਂਗ ।੩ ।
ਗੁਰਮਤਿ = ਗੁਰੂ ਦੀ ਮੱਤ ਲੈ ਕੇ ।
ਰਸਿ ਰਸਿ = ਸੁਆਦ ਲੈ ਲੈ ਕੇ, ਬੜੇ ਪ੍ਰੇਮ ਨਾਲ ।
ਰਾਮੈ ਰਾਮ = ਕੇਵਲ ਰਾਮ ਨੂੰ ।
ਰਮਤ = ਸਿਮਰ ਸਿਮਰ ਕੇ ।੪ ।
ਦਿ੍ਰੜਾਈ = (ਹਿਰਦੇ ਵਿਚ) ਪੱਕਾ ਕਰਾਉਂਦਾ ਹੈ, ਜਪਾਉਂਦਾ ਹੈ ।
ਹਰਿ ਹਰਿ ਸੁਗੰਧ = ਹਰੀ ਦੇ ਨਾਮ ਦੀ ਖ਼ੁਸ਼ਬੋ ।
ਬਸਾਈ = ਵਸਾਉਂਦਾ ਹੈ ।੫ ।
ਰੇ ਅੰਧਾ = ਹੇ ਅੰਨ੍ਹੇ ਮਨੁੱਖ !
ਚੇਤਿ = ਯਾਦ ਕਰ ।
ਸਤਿ = ਸਦਾ ਅਟੱਲ ਰਹਿਣ ਵਾਲਾ ।
ਝੂਠਾ = ਨਾਸ ਹੋ ਜਾਣ ਵਾਲਾ, ਥਿਰ ਨਾਹ ਰਹਿਣ ਵਾਲਾ ।੬।੧੬ ।
    
Sahib Singh
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ, ਉਹ ਸਰੀਰ (ਆਖ਼ਰ ਨੂੰ) ਲੱਕੜਾਂ ਵਿਚ ਪਾ ਕੇ ਸਾੜਿਆ ਜਾਂਦਾ ਹੈ ।੧ ।
ਇਸ ਸਰੀਰ ਤੇ ਧਨ ਉੱਤੇ ਕੀਹ ਮਾਣ ਕਰਨਾ ਹੋਇਆ ?
ਇਹ ਇੱਥੇ ਹੀ ਧਰਤੀ ਤੇ ਪਏ ਰਹਿ ਜਾਂਦੇ ਹਨ (ਜੀਵ ਦੇ ਨਾਲ) ਨਹੀਂ ਜਾਂਦੇ ।੧।ਰਹਾਉ ।
ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ (ਭਾਵ, ਰਾਤ ਤਾਂ ਸੁੱਤਿਆਂ ਗੁਜ਼ਾਰ ਦੇਂਦੇ ਹਨ), ਤੇ ਦਿਨੇ (ਦੁਨਿਆਵੀ) ਕੰਮ-ਧੰਧੇ ਕਰਦੇ ਰਹਿੰਦੇ ਹਨ, ਪਰ ਇਕ ਪਲ ਮਾਤ੍ਰ ਭੀ ਪ੍ਰਭੂ ਦਾ ਨਾਮ ਨਹੀਂ ਜਪਦੇ ।੨ ।
ਜੋ ਮਨੁੱਖ ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ, ਤੇ ਜਿਨ੍ਹਾਂ ਦੇ ਹੱਥ ਵਿਚ (ਬਾਜਾਂ ਦੀਆਂ) ਡੋਰਾਂ ਹਨ (ਭਾਵ, ਜੋ ਸ਼ਿਕਾਰ ਆਦਿਕ ਸ਼ੁਗਲ ਵਿਚ ਰੁੱਝੇ ਰਹਿੰਦੇ ਹਨ), ਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ ।੩ ।
ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਬੜੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਕੇਵਲ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਮਾਣਦਾ ਹੈ ।੪ ।
ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਦੇ ਹਿਰਦੇ ਵਿਚ ਆਪਣਾ ਨਾਮ ਟਿਕਾਉਂਦਾ ਹੈ, ਉਸ ਵਿਚ ਉਹ ‘ਨਾਮ’ ਦੀ ਖ਼ੁਸ਼ਬੋ ਦਾ ਵਾਸ ਕਰਾ ਦੇਂਦਾ ਹੈ ।੫ ।
ਕਬੀਰ ਆਖਦਾ ਹੈ—ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ; ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ ।੬।੧੬ ।
ਸ਼ਬਦ ਦਾ
ਭਾਵ:- ਇਹ ਸਰੀਰ, ਇਹ ਧਨ ਪਦਾਰਥ, ਇਹ ਰਾਜ ਰੰਗ—ਕੋਈ ਭੀ ਅੰਤ ਵੇਲੇ ਮਨੁੱਖ ਦੇ ਕੰਮ ਨਹੀਂ ਆ ਸਕਦੇ ।
ਸਗੋਂ ਜਿਉਂ ਜਿਉਂ ਜੀਵ ਇਹਨਾਂ ਪਦਾਰਥਾਂ ਦੇ ਮੋਹ ਵਿਚ ਰੁੱਝਦੇ ਹਨ, ਤਿਉਂ ਤਿਉਂ ਅਖ਼ੀਰ ਵੇਲੇ ਵਧੀਕ ਦੁੱਖੀ ਹੁੰਦੇ ਹਨ ।
ਪ੍ਰਭੂ ਦਾ ਇਕ ‘ਨਾਮ’ ਹੀ ਸਦਾ ਸਹਾਈ ਹੈ ।
ਜਿਸ ਉੱਤੇ ਪ੍ਰਭੂ ਮੇਹਰ ਕਰੇ, ਉਸ ਨੂੰ ‘ਨਾਮ’ ਗੁਰੂ-ਦਰ ਤੋਂ ਮਿਲਦਾ ਹੈ ।

ਨੋਟ: ਦੁਨੀਆ ਦੀ ਅਸਾਰਤਾ ਦੇ ਸਧਾਰਨ ਬਿਆਨ ਵਿਚ, ਮਰੇ ਮਨੁੱਖ ਦੇ ਸਿਰਫ਼ ਸਾੜੇ ਜਾਣ ਦਾ ਹੀ ਜ਼ਿਕਰ ਸਾਬਤ ਕਰਦਾ ਹੈ ਕਿ ਕਬੀਰ ਜੀ ਹਿੰਦੂ-ਘਰ ਵਿਚ ਜੰਮੇ-ਪਲੇ ਸਨ ।
‘ਬੋਲੀ’ ਭੀ ਸਾਰੀ ਹਿੰਦੂਆਂ ਵਾਲੀ ਹੀ ਵਰਤਦੇ ਹਨ ।
Follow us on Twitter Facebook Tumblr Reddit Instagram Youtube