ਗਉੜੀ ਕਬੀਰ ਜੀ ਪੰਚਪਦੇ ॥
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥
ਪੂਰਬ ਜਨਮ ਹਉ ਤਪ ਕਾ ਹੀਨਾ ॥੧॥

ਅਬ ਕਹੁ ਰਾਮ ਕਵਨ ਗਤਿ ਮੋਰੀ ॥
ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥

ਸਗਲ ਜਨਮੁ ਸਿਵ ਪੁਰੀ ਗਵਾਇਆ ॥
ਮਰਤੀ ਬਾਰ ਮਗਹਰਿ ਉਠਿ ਆਇਆ ॥੨॥

ਬਹੁਤੁ ਬਰਸ ਤਪੁ ਕੀਆ ਕਾਸੀ ॥
ਮਰਨੁ ਭਇਆ ਮਗਹਰ ਕੀ ਬਾਸੀ ॥੩॥

ਕਾਸੀ ਮਗਹਰ ਸਮ ਬੀਚਾਰੀ ॥
ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥

ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥
ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥

Sahib Singh
ਮੀਨਾ = ਮੱਛ ।
ਪੂਰਬ ਜਨਮ = ਪਿਛਲੇ ਜਨਮਾਂ ਦਾ ।
ਹਉ = ਮੈਂ ।
ਹੀਨਾ = ਸੱਖਣਾ ।੧ ।
ਕਵਨ = ਕਿਹੜੀ, ਕਿਹੋ ਜਿਹੀ ?
ਗਤਿ = ਹਾਲਤ, ਹਾਲ ।
ਮੋਰੀ = ਮੇਰੀ ।
ਤਜੀਲੇ = ਮੈਂ ਛੱਡ ਦਿੱਤਾ ਹੈ ।
ਬਨਾਰਸਿ = ਕਾਂਸ਼ੀ ਨਗਰੀ ।
ਥੋਰੀ = ਥੋੜੀ ।੧।ਰਹਾਉ ।
ਸਗਲ ਜਨਮੁ = ਸਾਰੀ ਉਮਰ ।
ਸਿਵਪੁਰੀ = ਸ਼ਿਵ ਦੀ ਨਗਰੀ ਕਾਂਸ਼ੀ ਵਿਚ ।
ਗਵਾਇਆ = ਵਿਅਰਥ ਗੁਜ਼ਾਰ ਦਿੱਤਾ ।
ਮਰਤੀ ਬਾਰ = ਮਰਨ ਵੇਲੇ ।
ਉਠਿ = ਉੱਠ ਕੇ, ਛੱਡ ਕੇ ।੨ ।
ਬਹੁਤੁ ਬਰਸ = ਕਈ ਸਾਲਾਂ ਤਕ ।
ਕਾਸ਼ੀ = ਕਾਂਸ਼ੀ ਵਿਚ ।
ਮਰਨੁ = ਮੌਤ ।
ਬਾਸੀ = ਵਾਸ, ਵਸੇਬਾ ।੩ ।
ਸਮ = ਇਕੋ ਜਿਹੇ ।
ਬੀਚਾਰੀ = ਸਮਝੇ ਹਨ ।
ਓਛੀ = ਹੋਛੀ, ਅਧੂਰੀ ।
ਕੈਸੇ = ਕਿਸ ਤ੍ਰਹਾਂ ?
ਉਤਰਸਿ = ਤੂੰ ਉਤਰੇਂਗਾ ।
ਪਾਰੀ = ਪਾਰ ।੪ ।
ਗੁਰ ਗਜਿ = ਗਣੇਸ਼ ।
ਸਭੁ ਕੋ = ਹਰੇਕ ਮਨੁੱਖ ।
ਜਾਨੈ = ਪਛਾਣਦਾ ਹੈ (ਭਾਵ, ਸਮਝਦਾ ਹੈ ਕਿ ਇਹ ਗਣੇਸ਼ ਤੇ ਸ਼ਿਵ ਹੀ ਮੁਕਤੀ ਦੇਣ ਵਾਲੇ ਤੇ ਖੋਹਣ ਵਾਲੇ ਹਨ) ।
ਮੁਆ ਕਬੀਰੁ = ਕਬੀਰ ਮਰ ਗਿਆ ਹੈ ਆਪਾ ਭਾਵ ਤੋਂ, ਕਬੀਰ ਦੀ ਮੈਂ-ਮੇਰੀ ਮਿਟ ਗਈ ਹੈ ।
ਰਮਤ = ਸਿਮਰ ਸਿਮਰ ਕੇ ।੫।੧੫ ।
    
Sahib Singh
(ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ; ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ।੧ ।
ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ ?
ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ ?
।੧।ਰਹਾਉ ।
(ਹੇ ਰਾਮ! ਮੈਨੂੰ ਲੋਕ ਆਖਦੇ ਹਨ—) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ (ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ ।੨ ।
(ਹੇ ਪ੍ਰਭੂ! ਲੋਕ ਕਹਿੰਦੇ ਹਨ—) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?) ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ ।੩।(ਹੇ ਰਾਮ! ਲੋਕ ਬੋਲੀ ਮਾਰਦੇ ਹਨ—) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ, ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ?
।੪ ।
(ਹੇ ਕਬੀਰ!) ਆਖ—ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ); ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ।੫।੧੫ ।
ਸ਼ਬਦ ਦਾ
ਭਾਵ:- ਕਿਸੇ ਖ਼ਾਸ ਦੇਸ ਜਾਂ ਨਗਰੀ ਵਿਚੋਂ ਮੁਕਤੀ ਨਹੀਂ ਮਿਲ ਸਕਦੀ ।
ਮੁਕਤ ਉਹੀ ਹੈ ਜੋ ਪ੍ਰਭੂ ਦਾ ਭਜਨ ਕਰ ਕੇ ਆਪਣੇ ਅੰਦਰੋਂ ‘ਮੈਂ-ਮੇਰੀ’ ਮਿਟਾ ਚੁਕਿਆ ਹੈ ।੧੫ ।

ਨੋਟ: ਆਮ ਲੋਕਾਂ ਵਿਚ ਇਹ ਵਹਿਮ ਪੈਦਾ ਕੀਤਾ ਗਿਆ ਹੋਇਆ ਹੈ ਕਿ ਬਨਾਰਸ ਆਦਿਕ ਤੀਰਥ ਉੱਤੇ ਸਰੀਰ ਤਿਆਗਿਆਂ ਜੀਵ ਨੂੰ ਮੁਕਤੀ ਮਿਲ ਜਾਂਦੀ ਹੈ ।
ਕਬੀਰ ਜੀ ਲੋਕਾਂ ਦੇ ਇਸ ਭਰਮ ਨੂੰ ਦੂਰ ਕਰਨ ਲਈ ਅਖ਼ੀਰਲੀ ਉਮਰੇ ਬਨਾਰਸ ਛੱਡ ਆਏ ਤੇ ਮਗਹਰ ਆ ਵੱਸੇ ।
ਮਗਹਰ ਬਾਰੇ ਇਹ ਵਹਿਮ ਹੈ ਕਿ ਇਹ ਧਰਤੀ ਸਰਾਪੀ ਹੋਈ ਹੈ ।
ਜੋ ਇੱਥੇ ਮਰਦਾ ਹੈ, ਉਹ ਖੋਤੇ ਦੀ ਜੂਨੇ ਪੈਂਦਾ ਹੈ ।
ਮਗਹਰ ਗੋਰਖਪੁਰ ਤੋਂ ੧੫ ਮੀਲਾਂ ਤੇ ਹੈ ।
Follow us on Twitter Facebook Tumblr Reddit Instagram Youtube