ਗਉੜੀ ਕਬੀਰ ਜੀ ॥
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥

ਜਉ ਪੈ ਰਸਨਾ ਰਾਮੁ ਨ ਕਹਿਬੋ ॥
ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥

ਜਸ ਦੇਖੀਐ ਤਰਵਰ ਕੀ ਛਾਇਆ ॥
ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥

ਜਸ ਜੰਤੀ ਮਹਿ ਜੀਉ ਸਮਾਨਾ ॥
ਮੂਏ ਮਰਮੁ ਕੋ ਕਾ ਕਰ ਜਾਨਾ ॥੩॥

ਹੰਸਾ ਸਰਵਰੁ ਕਾਲੁ ਸਰੀਰ ॥
ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥

Sahib Singh
ਅੰਧਕਾਰ = ਹਨੇਰਾ, ਅਗਿਆਨਤਾ ਦਾ ਹਨੇਰਾ, ਪਰਮਾਤਮਾ ਨੂੰ ਭੁੱਲਣ-ਰੂਪ ਹਨੇਰਾ ।
ਸੁਖਿ = ਸੁਖ ਵਿਚ ।
ਕਬਹਿ = ਕਦੇ ।
ਸੋਈ ਹੈ = ਸਵੀਂਦਾ, ਸੌਂ ਸਕੀਦਾ ।
ਰੰਕੁ = ਕੰਗਾਲ ।
ਦੋਊ = ਦੋਵੇਂ ।
ਰੋਈ ਹੈ = ਰੋਂਦੇ ਹਨ, ਦੁਖੀ ਹੁੰਦੇ ਹਨ ।
ਮਿਲਿ = ਮਿਲ ਕੇ, ਰਲ ਕੇ ।
ਦੋਊ ਮਿਲਿ = ਦੋਵੇਂ ਹੀ ।੧ ।
ਜਉਪੈ = ਜੇ ਕਰ, ਜਦ ਤਾਈਂ ।
ਰਸਨਾ = ਜੀਭ (ਨਾਲ) ।
ਕਹਿਬੋ = ਕਹਿੰਦੇ, ਸਿਮਰਦੇ, ਉੱਚਾਰਦੇ ।
ਉਪਜਤ = ਜੰਮਦੇ ।
ਬਿਨਸਤ = ਮਰਦੇ ।
ਰੋਵਤ = ਰੋਂਦੇ ।
ਰਹਿਬੋ = ਰਹੋਗੇ ।੧।ਰਹਾਉ ।
ਜਸ = ਜਿਵੇਂ ।
ਤਰਵਰ = ਰੁੱਖ ।
ਕਹੁ = ਦੱਸੋ ।
ਕਾਂ ਕੀ = ਕਿਸ ਦੀ (ਭਾਵ, ਕਿਸੇ ਹੋਰ ਦੀ, ਬਿਗਾਨੀ) ।੨ ।
ਜਸ = ਜਿਵੇਂ ।
ਜੰਤੀ = (ਰਾਗ ਦਾ) ਸਾਜ਼ ।
ਜੀਉ = ਜਿੰਦ, ਰਾਗ ਦੀ ਜਿੰਦ, ਆਵਾਜ਼ ।
ਮਰਮੁ = ਭੇਤ ।
ਮੂਏ ਮਰਮੁ = ਮਰ ਗਏ ਪ੍ਰਾਣੀ ਦਾ ਭੇਤ (ਕਿ ਉਹ ਕਿੱਥੇ ਗਿਆ ਹੈ) ।
ਕੋ = ਕੋਈ ਮਨੁੱਖ ।
ਕਾ ਕਰਿ = ਕਿਵੇਂ ?
    ।੩ ।
ਸਰਵਰੁ = ਸਰੋਵਰ, ਤਲਾਬ ।
ਕਾਲੁ = ਮੌਤ ।
ਰਸਾਇਨ = {ਰਸ = ਅਇਨ ।
ਅਇਨ = ਅਯਨ, ਘਰ} ਸਭ ਰਸਾਂ ਦਾ ਘਰ, ਨਾਮ-ਅੰਮਿ੍ਰਤ ।੪ ।
    
Sahib Singh
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ; ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ।੧ ।
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ, ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ।੧।ਰਹਾਉ ।
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ); ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ ?
(ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ।੨।ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ, ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ ?
।੩ ।
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ ।
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ।੪।੮ ।

ਭਾਵ:- ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਨਿਰਾ ਦੁੱਖ ਹੀ ਦੁੱਖ ਹੈ ।
ਇਹ ਮਾਇਆ ਤੇ ਇਹ ਸਰੀਰ ਭੀ ਅੰਤ ਸਾਥ ਨਹੀਂ ਦੇਂਦੇ ।
ਨਾਮ ਹੀ ਅਸਲ ਸਾਥੀ ਤੇ ਸੁਖਾਂ ਦਾ ਮੂਲ ਹੈ ।੮ ।
Follow us on Twitter Facebook Tumblr Reddit Instagram Youtube