ਪਉੜੀ ॥
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥
ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥
ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥
ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥
ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥

Sahib Singh
ਰਸਨਾ = ਜੀਭ ਨਾਲ ।
ਸ੍ਰਵਣੀ = ਕੰਨਾਂ ਨਾਲ ।
ਮਿਤਾ = ਹੇ ਮਿੱਤਰ !
ਭਾਵਨੀ = ਸਰਧਾ, ਪ੍ਰੇਮ ।
ਹਸਤ = ਹੱਥ ।
ਅਠਸਠਿ = ਅਠਾਹਠ ।
ਮਜਨਾ = ਇਸ਼ਨਾਨ ।
ਸਭਿ = ਸਾਰੇ ।
ਤਿਨਿ = ਉਸ (ਮਨੁੱਖ) ਨੇ ।
ਬਿਖਿਆ = ਮਾਇਆ ।
ਉਧਾਰਿਅਨੁ = ਉਸ (ਹਰੀ) ਨੇ ਉਧਾਰੇ ਹਨ ।
ਦਯੁ = ਪਿਆਰਾ (ਪ੍ਰਭੂ) ।
ਅਮਿਤਾ = ਬੇਅੰਤ ।
    
Sahib Singh
ਹੇ ਮਿੱਤਰ! ਜੋ ਮਨੁੱਖ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਤੇ ਕੰਨਾਂ ਨਾਲ ਹਰਿ-ਨਾਮ ਸੁਣਦਾ ਹੈ, ਉਹ (ਮਨੁੱਖ ਸੰਸਾਰ-ਸਾਗਰ ਤੋਂ) ਬਚ ਜਾਂਦਾ ਹੈ ।
ਉਸ ਦੇ ਉਹ ਹੱਥ ਪਵਿੱਤ੍ਰ ਹਨ ਜੋ ਸ਼ਰਧਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਹਨ ।
ਉਸ ਮਨੁੱਖ ਨੇ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ ।
ਅਜੇਹੇ ਮਨੁੱਖ ਸੰਸਾਰ-ਸਮੁੰਦਰ (ਦੇ ਵਿਕਾਰਾਂ ਵਿਚ ਡੁੱਬਣ) ਤੋਂ ਬਚ ਜਾਂਦੇ ਹਨ, ਉਹਨਾਂ ਨੇ ਮਾਇਆ ਦਾ ਕਿਲ੍ਹਾ ਜਿੱਤ ਲਿਆ (ਸਮਝੋ) ।ਹੇ ਨਾਨਕ! ਐਸੇ ਬੇਅੰਤ ਪ੍ਰਭੂ ਨੂੰ ਸਿਮਰ, ਜਿਸ ਨੇ ਆਪਣੇ ਲੜ ਲਾ ਕੇ (ਅਨੇਕਾਂ ਜੀਵ) ਬਚਾਏ ਹਨ ।੧੯ ।
Follow us on Twitter Facebook Tumblr Reddit Instagram Youtube