ਪਉੜੀ ॥
ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥
ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥
ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥
ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥
ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥

Sahib Singh
ਧੋਹੁ = ਠੱਗੀ, ਧੋਖਾ ।
ਲਬਿ = ਲੱਬ ਦੇ ਕਾਰਨ ।
ਮੋਹਿ = ਮੋਹ ਵਿਚ (ਪੈ ਕੇ) ।
ਵਿਗੁਤੇ = ਖ਼ੁਆਰ ਹੁੰਦੇ ਹਨ ।
ਭਲੇਰਿਆ = ਭੈੜੇ, ਮੰਦੇ ।
ਮਦਿ = ਮਦ ਵਿਚ, ਨਸ਼ੇ ਵਿਚ ।
ਮੁਤੇ = (ਨਿਖਸਮੇ) ਛੱਡੇ ਹੋਏ ।
ਪਾਇਨਿ = ਪਾਂਦੇ ਹਨ ।
ਜੁਤੇ = ਜੁੱਟ ਕੀਤੇ ਜਾਂਦੇ ਹਨ ।
ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ) ਜੇ ਨਾਮ ਵਿਸਾਰ ਦਿੱਤਾ ਜਾਏ ।
ਰੁਤੇ = ਰੁਤਿ, ਸਮਾ ।
    
Sahib Singh
ਖਸਮ (ਪ੍ਰਭੂ) ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ, ਜੋ ਮਨੁੱਖ ਲੱਬ ਵਿਚ ਤੇ ਮੋਹ ਵਿਚ ਫਸੇ ਹੋਏ ਹਨ ਉਹ ਖ਼ੁਆਰ ਹੁੰਦੇ ਹਨ, ਮਾਇਆ ਦੇ ਨਸ਼ੇ ਵਿਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ, ਮੁੜ ਮੁੜ ਜੂਨਾਂ ਵਿਚ ਧੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿਚ (ਨਿਖਸਮੇ) ਛੱਡੇ ਜਾਂਦੇ ਹਨ, ਆਪਣੇ (ਮੰਦੇ) ਕੀਤੇ (ਕੰਮਾਂ) ਦਾ ਫਲ ਪਾਂਦੇ ਹਨ, ਦੁੱਖਾਂ ਨਾਲ ਜੁੱਟ ਕੀਤੇ ਜਾਂਦੇ ਹਨ ।
ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ (ਜੀਵ ਲਈ) ਸਾਰੀ ਰੁੱਤ ਮੰਦੀ ਹੀ ਜਾਣੋ ।੧੨ ।

ਨੋਟ: ਗੁਰੂ ਅਰਜਨ ਸਾਹਿਬ ਦੀ ਗੂਜਰੀ ਰਾਗ ਦੀ ਵਾਰ ਦੀ ਪਉੜੀ ਨੰ: ੨੦ ਵਿਚ ਇਸ ਪਉੜੀ ਦੇ ਕਈ ਲਫ਼ਜ਼ ਤੇ ਖਿ਼ਆਲ ਸਾਂਝੇ ਮਿਲਦੇ ਹਨ ।
ਇਹ ਦੋਵੇਂ ਵਾਰਾਂ ਅੱਗੜ ਪਿੱਛੜ ਲਿਖੀਆਂ ਗਈਆਂ ਜਾਪਦੀਆਂ ਹਨ ।
ਦੋਹਾਂ ਹੀ ਵਾਰਾਂ ਵਿਚ ਸਲੋਕ ਲਹਿੰਦੀ ਬੋਲੀ ਦੇ ਹੀ ਹਨ ।
Follow us on Twitter Facebook Tumblr Reddit Instagram Youtube