ਪਉੜੀ ॥
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥

Sahib Singh
ਸਰੇਵਹੁ = ਸੇਵਹੁ ।
ਦੈ = (ਸਲੋਕ ਨੰ: ੨ ਵਿਚ ਵੇਖੋ ਲਫ਼ਜ਼ ‘ਸੰਦੜੈ’) ।
ਸੁਹੇਲਿਆ = ਸੁਖੀ ।
ਗਡਿ = ਗੱਡ ਕੇ ।
ਅਹਲੈ = ਨਾਹ ਹਿੱਲਣ ਵਾਲਾ ।
ਬੰਧਹੁ = ਬਣਾਓ ।
ਝਲੈ = ਝੱਲਦਾ ਹੈ, ਆਸਰਾ ਦੇਂਦਾ ਹੈ ।
ਤਿਸੁ = ਉਸ ਪ੍ਰਭੂ ਦੀ ।
    
Sahib Singh
ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ) ।
(ਇਸ ਤ੍ਰਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ ।
(ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ, ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ ।ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ ।੮ ।
Follow us on Twitter Facebook Tumblr Reddit Instagram Youtube