ਪਉੜੀ ॥
ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥
ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥
ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥
ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥

Sahib Singh
    
Sahib Singh
ਹੇ ਵੱਡਿਆਂ ਤੋਂ ਵੱਡੇ! ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈਂ, ਆਪਣੇ ਜੇਡਾ ਤੂੰ ਆਪ ਹੀ ਹੈਂ ।
ਓਹੀਮਨੁੱਖ ਤੈਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮੇਲਦਾ ਹੈਂ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖ਼ਸ਼ ਲੈਂਦਾ ਹੈਂ ।
ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ ।
ਤੂੰ ਸੱਚਾ ਮਾਲਕ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਜੀਵਾਂ ਦਾ ਸਭ ਕੁਝ—ਜਿੰਦ, ਸਰੀਰ, ਚੰਮ, ਹੱਡ—ਤੇਰਾ ਬਖ਼ਸ਼ਿਆ ਹੋਇਆ ਹੈ ।
ਹੇ ਵੱਡਿਆਂ ਤੋਂ ਵੱਡੇ, ਸੱਚੇ ਪ੍ਰਭੂ! ਜਿਵੇਂ ਤੈਨੂੰ ਭਾਵੇ ਤਿਵੇਂ ਹੀ ਸਾਨੂੰ ਰੱਖ ਲੈ, ਨਾਨਕ ਦੇ ਮਨ ਵਿਚ ਤੇਰੀ ਹੀ ਆਸ ਹੈ ।੩੩।੧।ਸੁਧ ।
ਬਣਤ ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ ।
ਇਸ ਵਿਚ ਕੁੱਲ ੩੩ ਪਉੜੀਆਂ ਹਨ, ਪਹਿਲੀਆਂ ੨੬ ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ, ਨੰ: ੨੭ ਤੋਂ ਲੈ ਕੇ ਨੰ: ੩੧ ਤਕ ਪੰਜ ਪਉੜੀਆਂ ਗੁਰੂ ਅਰਜਨ ਸਾਹਿਬ ਦੀਆਂ ਹਨ, ਅਖ਼ੀਰਲੀਆਂ ਦੋ ਪਉੜੀਆਂ ਫਿਰ ਗੁਰੂ ਰਾਮਦਾਸ ਜੀ ਦੀਆਂ ।
ਸੋ ੩੩ ਪਉੜੀਆਂ ਵਿਚੋਂ ੨੮ ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਹਨ ।
ਪਹਿਲਾਂ ਪਹਿਲ ਇਹ ਵਾਰ ੨੮ ਪਉੜੀਆਂ ਦੀ ਹੀ ਸੀ, ਪਿਛੋਂ ਗੁਰੂ ਅਰਜਨ ਸਾਹਿਬ ਨੇ ਪਉੜੀ ਨੰ: ੨੬ ਦੇ ਨਾਲ ਆਪਣੀਆਂ ਪੰਜ ਪਉੜੀਆਂ ਹੋਰ ਰਲਾਈਆਂ ।
ਸਾਰੇ ਸਲੋਕਾਂ ਦੀ ਗਿਣਤੀ ੬੮ ਹੈ, ਪਉੜੀ ਨੰ: ੧੫ ਤੇ ੨੦ ਤੋਂ ਛੁਟ ਬਾਕੀ ਹਰੇਕ ਪਉੜੀ ਨਾਲ ਦੋ ਦੋ ਸ਼ਲੋਕ ਹਨ (ਜੋੜ—੬੨), ਇਹਨਾਂ ਦੋ ਪਉੜੀਆਂ ਨਾਲ ਤਿੰਨ ਤਿੰਨ ਸ਼ਲੋਕ ਹਨ ਤੇ ਕੁੱਲ ਜੋੜ ੬੮ ਹੈ ।
ਸ਼ਲੋਕਾਂ ਦਾ ਵੇਰਵਾ ਇਉਂ ਹੈਂ: . . ਸ਼ਲੋਕ ਗੁਰੂ ਰਾਮਦਾਸ ਜੀ ਦੇ . . — ੫੩ . . ਸ਼ਲੋਕ ਗੁਰੂ ਅਰਜਨ ਸਾਹਿਬ ਦੇ — ੮ . . ਸ਼ਲੋਕ ਗੁਰੂ ਅਮਰਦਾਸ ਜੀ ਦੇ . — ੭ . . . . . . . . . . . . . . . . . ——— . . . . . . . . . . . ਜੋੜ — . . . ੬੮ ਜਦੋਂ ਇਹ 'ਵਾਰ' ਗੁਰੂ ਰਾਮਦਾਸ ਜੀ ਨੇ ਲਿਖੀ, ਤਦੋਂ ਇਹ ਨਿਰੀਆਂ ਪਉੜੀਆਂ ਹੀ ਸਨ ।
ਇਸ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ, ਭਾਵੇਂ ਉਹ ਸ਼ਲੋਕ ਜ਼ਿਆਦਾ-ਤਰ ਗੁਰੂ ਰਾਮਦਾਸ ਜੀ ਦੇ ਹੀ ਹਨ ।
ਜੇ ਗੁਰੂ ਰਾਮਦਾਸ ਜੀ ਆਪ ਹੀ ਪਉੜੀਆਂ ਦੇ ਨਾਲ ਸ਼ਲੋਕ ਭੀ ਲਿਖਦੇ ਤਾਂ ਕਵਿਤਾ ਦੇ ਦਿ੍ਰਸ਼ਟੀਕੋਣ ਤੋਂ ਕੋਈ ਖ਼ਾਸ ਇੱਕ-ਸਾਰ ਬਣਤਰ ਹੁੰਦੀ ।
ਇਹ ਨਹੀਂ ਸੀ ਹੋ ਸਕਦਾ ਕਿ ਕਿਸੇ ਪਉੜੀ ਦੇ ਨਾਲ ਸ਼ਲੋਕ ਲਿਖ ਦੇਂਦੇ ਤੇ ਕੋਈ ਖ਼ਾਲੀ ਰਹਿ ਜਾਂਦੀ ।
ਪਉੜੀ ਨੰ: ੩੨ ਦੇ ਨਾਲ ਦੋਵੇਂ ਸ਼ਲੋਕ ਗੁਰੂ ਅਰਜਨ ਸਾਹਿਬ ਦੇ ਹਨ, ਤੇ ਇਹ ਸ਼ਲੋਕ ਗੁਰੂ ਅਰਜਨ ਸਾਹਿਬ ਹੀ ਦਰਜ ਕਰ ਸਕਦੇ ਸਨ ।
ਇਹ ਨਹੀਂ ਹੋ ਸਕਦਾ ਸੀ ਕਿ ਗੁਰੂ ਰਾਮਦਾਸ ਜੀ ਆਪਣੀਆਂ ੨੮ ਪਉੜੀਆਂ ਵਿਚੋਂ ੨੭ ਪਉੜੀਆਂ ਦੇ ਨਾਲ ਤਾਂ ਆਪਣੇ ਜਾਂ ਗੁਰੂ ਅਮਰਦਾਸ ਜੀ ਦੇ ਸ਼ਲੋਕ ਦਰਜ ਕਰੀ ਜਾਂਦੇ ਤੇ ਆਪਣੀ ਪਉੜੀ ਨੰ: ੩੨ ਨੂੰ ਉੱਕਾ ਖ਼ਾਲੀ ਰਹਿਣ ਦੇਂਦੇ ।
ਫਿਰ, ਸ਼ਲੋਕਾਂ ਦਾ ਮਜ਼ਮੂਨਇਹ ਦੱਸਦਾ ਹੈ ਕਿ ਵੱਖੋ ਵੱਖ ਮੌਕਿਆਂ ਦੇ ਹਨ, ਵੱਖੋ ਵੱਖ ਸਮੇ ਤੇ ਉਚਾਰੇ ਗਏ ਹਨ ।
ਸੋ, ਇੱਕੋ ਹੀ ਨਤੀਜਾ ਨਿਕਲ ਸਕਦਾ ਹੈ ਕਿ 'ਵਾਰ' ਦੀਆਂ ਪਉੜੀਆਂ ਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ ।
ਗਉੜੀ ਕੀ ਵਾਰ ਮਹਲਾ ੫ ਭਾਵ ਪਉੜੀ-ਵਾਰ (੧) ਪਰਮਾਤਮਾ ਹਰ ਥਾਂ ਮੌਜੂਦ ਹੈ, ਹਰੇਕ ਜੀਵ ਵਿਚ ਸਮਾਇਆ ਹੋਇਆ ਹੈ, ਪਰ ਉਹੀ ਮਨੁੱਖ ਭਲਾ ਹੈ ਜੋ ਸਤਸੰਗ ਵਿਚ ਰਹਿ ਕੇ ਪ੍ਰਭੂ ਦੀ ਸ਼ਰਨ ਆਉਂਦਾ ਹੈ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ ।
(੨) ਸਤਸੰਗ ਵਿਚ ਪ੍ਰਭੂ ਦਾ ਨਾਮ-ਅੰਮਿ੍ਰਤ ਮਿਲਦਾ ਹੈ, ਪਰਮਾਤਮਾ ਆਪ ਸਹੈਤਾ ਕਰਦਾ ਹੈ ਤੇ ਕਾਮਾਦਿਕ ਵਿਕਾਰਾਂ ਤੋਂ ਮਨੁੱਖ ਬਚ ਜਾਂਦਾ ਹੈ ।
(੩) ਪਰਮਾਤਮਾ ਦਾ ਨਾਮ, ਮਾਨੋ, ਅੰਮਿ੍ਰਤ-ਰੂਪ ਖ਼ਜ਼ਾਨਾ ਹੈ, ਇਹ ਅੰਮਿ੍ਰਤ ਸਤ-ਸੰਗ ਵਿਚ ਹੀ ਮਿਲਦਾ ਹੈ, ਇਸ ਦੇ ਪੀਤਿਆਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਕੋਈ ਭੁੱਖ ਨਹੀਂ ਰਹਿ ਜਾਂਦੀ ।
(੪) ਪਰਮਾਤਮਾ ਦਾ ਨਾਮ ਸਾਰੇ ਗੁਣਾਂ ਦੀ ਖਾਣ ਹੈ, ਮਨੁੱਖਾ ਜੀਵਨ ਦੇ ਸਫ਼ਰ ਵਿਚ, ਮਾਨੋ, ਰਾਹ ਦੀ ਖ਼ਰਚੀ ਹੈ, ਪਰ ਇਹ ਨਾਮ ਉਸ ਭਾਗਾਂ ਵਾਲੇ ਨੂੰ ਮਿਲਦਾ ਹੈ ਜੋ ਸਤਸੰਗ ਵਿਚ ਅੱਪੜਦਾ ਹੈ ।
(੫) ਮਨੁੱਖ ਤਾਂ ਕਿਤੇ ਰਹੇ, ਉਹ ਥਾਂ ਭੀ ਸੋਹਣਾ ਹੋ ਜਾਂਦਾ ਹੈ, ਜਿੱਥੇ ਸਤਸੰਗੀ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ।
ਭਗਤੀ ਨੂੰ ਪਿਆਰ ਕਰਨਾ ਪ੍ਰਭੂ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ ।
ਜੋ ਨਾਮ ਸਿਮਰਦਾ ਹੈ ਉਸ ਦੇ ਮਨ ਵਿਚੋਂ ਬੁਰਾਈ ਮਿਟ ਜਾਂਦੀ ਹੈ ।
(੬) ਪਰਮਾਤਮਾ ਦਾ ਨਾਮ ਇਕ ਐਸੀ ਰਾਸ-ਪੂੰਜੀ ਹੈ ਜੋ ਸਦਾ ਕਾਇਮ ਰਹਿਣ ਵਾਲੀ ਹੈ, ਜਿਸ ਮਨੁੱਖ-ਵਣਜਾਰੇ ਨੂੰ ਸਤਸੰਗ ਵਿਚ ਰਹਿ ਕੇ ਇਹ ਪੂੰਜੀ ਮਿਲਦੀ ਹੈ ਉਸ ਦਾ ਮਨ ਤਨ ਖਿੜਿਆ ਰਹਿੰਦਾ ਹੈ, ਉਸ ਦੇ ਵਿਕਾਰ ਨਾਸ ਹੋ ਜਾਂਦੇ ਹਨ, ਉਹੀ ਅਸਲ ਵਿਚ ਜੀਊਂਦਾ ਹੈ ।
(੭) ਜੋ ਪ੍ਰਭੂ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਸਭ ਵਿਚ ਮੌਜੂਦ ਹੈ ਉਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਪਰ ਇਸ 'ਨਾਮ' ਦਾ ਆਨੰਦ ਉਹੀ ਮਨੁੱਖ ਮਾਣ ਸਕਦਾ ਹੈ ਜਿਸ ਨੂੰ ਸਤਿਗੁਰੂ ਤਰੁੱਠ ਕੇ ਇਹ ਦਾਤਿ ਦੇਂਦਾ ਹੈ ।
(੮) ਪ੍ਰਭੂ ਦਾ ਨਾਮ ਸਤਿਗੁਰੂ ਪਾਸੋਂ ਹੀ ਮਿਲ ਸਕਦਾ ਹੈ ।
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਿੱਤ ਸਤਸੰਗ ਕਰਦਾ ਹੈ ਤੇ ਨਾਮ ਸਿਮਰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ ।
(੯) ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰਿ ਨਾਮ-ਅੰਮਿ੍ਰਤ ਸਤਸੰਗ ਵਿਚ ਵੰਡੀਦਾ ਹੈ ।
ਜਿਉਂ ਜਿਉਂ ਗੁਰਮੁਖ ਸਤਸੰਗ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ, ਓਥੇ ਮਾਨੋ, ਅੰਮਿ੍ਰਤ ਦੇ ਫੁਹਾਰੇ ਚੱਲ ਪੈਂਦੇ ਹਨ ।
ਸਤਸੰਗ ਵਿਚ ਹੀ ਅਸਲੀ ਜੀਵਨ ਪ੍ਰਾਪਤ ਹੁੰਦਾ ਹੈ, ਸਤਸੰਗੀ ਨੂੰ ਮੌਤ ਦਾ ਡਰ ਨਹੀਂ ਰਹਿੰਦਾ ।
(੧੦) ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ ਮਨੁੱਖ ਪਰਮਾਤਮਾ ਦੇ ਗੁਣਾਂ ਦੀ ਮਾਲਾ ਮਨ ਵਿਚ ਪ੍ਰੋ ਲੈਂਦਾ ਹੈ, ਜਿਸ ਕਰਕੇ ਉਸ ਦੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ ਤੇ ਉਸ ਨੂੰ ਜਮ ਕਾਲ ਦਾ ਡਰ ਨਹੀਂ ਪੋਂਹਦਾ ।
(੧੧) ਜੋ ਮਨੁੱਖ ਮਾਇਆ ਦੀ ਮਸਤੀ ਵਿਚ ਰਹਿ ਕੇ ਮੰਦੇ ਕੰਮ ਕਰਦੇ ਹਨ, ਉਹ ਏਥੇ ਦੁਖੀ ਰਹਿੰਦੇ ਹਨ, ਪ੍ਰਭੂਦਾ ਨਾਮ ਵਿਸਾਰਨ ਕਰਕੇ ਉਹਨਾਂ ਦੀ ਸਾਰੀ ਉਮਰ ਮੰਦੇ ਹਾਲ ਹੀ ਗੁਜ਼ਰਦੀ ਹੈ ਤੇ ਇਸ ਤੋਂ ਪਿੱਛੋਂ ਭੀ ਜਨਮ ਮਰਨ ਦੀ ਭਟਕਣਾ ਵਿਚ ਪੈ ਜਾਂਦੇ ਹਨ ।
(੧੨) ਦੁਨੀਆ ਵਾਲੇ ਸੁਆਦ ਆਖ਼ਰ ਕੌੜੇ ਲੱਗਣ ਲੱਗ ਪੈਂਦੇ ਹਨ, ਸੁਖਦਾਈ ਤੇ ਮਿੱਠਾ ਸਿਰਫ਼ ਹਰਿ-ਨਾਮ ਹੀ ਹੈ, ਪਰ ਇਹ ਮਿਲਦਾ ਉਸ ਭਾਗਾਂ ਵਾਲੇ ਨੂੰ ਹੀ ਹੈ ਜਿਸ ਉੱਤੇ ਪ੍ਰਭੂ ਆਪ ਮਿਹਰ ਕਰਦਾ ਹੈ ।
(੧੩) ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮੇਸਰ ਦਾ ਨਾਮ ਸਿਮਰਦਾ ਹੈ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ।
(੧੪) ਉਹੀ ਮਨੁੱਖ ਜਗਤ ਤੋਂ ਨਫ਼ਾ ਖੱਟ ਕੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ।
ਪ੍ਰਭੂ ਆਪ ਉਹਨਾਂ ਨੂੰ ਮਾਇਆ ਦੇ ਮੋਹ ਤੋਂ ਬਚਾ ਲੈਂਦਾ ਹੈ ਤੇ ਉਹ ਇੱਕ ਕਰਤਾਰ ਦੀ ਆਸ ਰੱਖਦੇ ਹਨ ।
(੧੫) ਪਰਮਾਤਮਾ ਦਾ ਆਸਰਾ ਲੈ ਕੇ ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਤੇ ਪ੍ਰਭੂ-ਦਰ ਤੇ ਪਰਵਾਨ ਹਨ, ਅਜੇਹੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਵਧੀਕ ਪਵਿੱਤਰ ਹੈ ।
(੧੬) ਕਰਤਾਰ ਅਕਾਲ ਪੁਰਖ ਦਾ ਨਾਮ ਵਿਕਾਰਾਂ ਵਿਚ ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ ।
ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੇਖ ਕੇ ਸਭ ਦੇ ਚਰਨਾਂ ਦੀ ਧੂੜ ਹੋ ਕੇ ਰਹਿੰਦਾ ਹੈ, ਕਿਸੇ ਦਾ ਦਿਲ ਨਹੀਂ ਦੁਖਾਂਦਾ ਤੇ ਆਖ਼ਰ ਇੱਜ਼ਤ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਦਾ ਹੈ ।
(੧੭) ਸਾਰੇ ਖ਼ਜ਼ਾਨਿਆਂ ਦੇ ਮਾਲਕ ਪਰਮਾਤਮਾ ਦੇ ਨਾਮ ਨੂੰ ਜੋ ਮਨੁੱਖ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈਂਦੇ ਹਨ, ਉਹਨਾਂ ਦੇ ਮਨ ਦੀ ਸਾਰੀ ਮੈਲ ਧੁਪ ਜਾਂਦੀ ਹੈ, ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ, ਪਰ ਇਹ ਨਾਮ ਦੀ ਦਾਤਿ ਪ੍ਰਭੂ ਦੀ ਮਿਹਰ ਨਾਲ ਸਤਿਗੁਰੂ ਦੀ ਰਾਹੀਂ ਹੀ ਮਿਲਦੀ ਹੈ ।
(੧੮) ਦੁਨੀਆ ਦਾ ਮੋਹ, ਮਾਨੋ, ਮਾਇਆ ਦਾ ਕਿਲ੍ਹਾ ਹੈ ਜਿਸ ਵਿਚ ਜੀਵ ਕੈਦ ਹੋ ਜਾਂਦੇ ਹਨ ।
ਜੋ ਮਨੁੱਖ 'ਨਾਮ' ਸਿਮਰਦਾ ਹੈ ਉਹ ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨੀ ਹੋ ਕੇ ਇਸ ਕਿਲ੍ਹੇ ਨੂੰ ਜਿੱਤ ਲੈਂਦਾ ਹੈ ।
ਪ੍ਰਭੂ ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ।
(੧੯) ਜੋ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ, ਸਭ ਜੀਵਾਂ ਦਾ ਆਸਰਾ ਹੈ ਤੇ ਸਭ ਨੂੰ ਪਾਲਦਾ ਹੈ, ਉਸ ਬਖ਼ਸ਼ਣਹਾਰ ਨੂੰ ਸਿਮਰ ਕੇ ਜੀਵ ਵਿਕਾਰਾਂ ਤੋਂ ਬਚ ਕੇ ਸੰਸਾਰ-ਸਮੁੰਦਰ ਤੋਂ ਆਪਣੀ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤਿ ਪਾਰ ਲੰਘਾਂਦੇ ਹਨ ।
(੨੦) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਨੂੰ 'ਨਾਮ' ਹੀ ਪੁਸ਼ਾਕੇ ਤੇ ਸੁੰਦਰ ਭੋਜਨ ਹੈ; 'ਨਾਮ' ਹੀ ਹਾਥੀ ਘੋੜੇ ਹੈ, 'ਨਾਮ' ਹੀ ਰਾਜ-ਮਿਲਖ ਹੈ ।
ਉਸ ਦੇ ਅੰਦਰ ਇਕ 'ਨਾਮ' ਦੀ ਹੀ ਲਗਨ ਰਹਿੰਦੀ ਹੈ, ਉਹ ਸਦਾ ਪ੍ਰਭੂ ਦੇ ਦਰ ਤੇ ਹੀ ਟਿਕਿਆ ਰਹਿੰਦਾ ਹੈ ।
ਸਮੁੱਚਾ ਭਾਵ (੧ ਤੋਂ ੧੧ ਤਕ)—ਇਹ ਠੀਕ ਹੈ ਕਿ ਪਰਮਾਤਮਾ ਹਰੇਕ ਜੀਵ ਵਿਚ ਮੌਜੂਦ ਹੈ, ਪਰ ਫਿਰ ਭੀ ਸਿਰਫ਼ ਓਹੀ ਮਨੁੱਖ ਭਲਾ ਰਹਿ ਸਕਦਾ ਹੈ ਜੋ ਸਾਧ ਸੰਗਤਿ ਦਾ ਆਸਰਾ ਲੈਂਦਾ ਹੈ ।
ਸਤਸੰਗ ਵਿਚ ਹੀ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰ ਕੇ ਨਾਮ ਸਿਮਰਨ ਦਾ ਸੁਭਾਉ ਬਣ ਸਕਦਾ ਹੈ, 'ਨਾਮ' ਹੀ ਜੀਵਨ-ਸਫ਼ਰ ਦੀ ਖ਼ਰਚੀ ਹੈ, ਇਸ 'ਨਾਮ' ਦੀ ਬਰਕਤਿ ਨਾਲ ਹੀ ਮਾਇਆ ਦੀ ਤ੍ਰਿਸ਼ਨਾ, ਬੁਰਾਈ, ਕਾਮਾਦਿਕ ਵਿਕਾਰ ਮਨ ਵਿਚੋਂ ਦੂਰ ਹੁੰਦੇ ਹਨ,ਮੌਤ ਦਾ ਡਰ ਨਹੀਂ ਪੋਂਹਦਾ, ਤਨ ਮਨ ਸਦਾ ਖਿੜਿਆ ਰਹਿੰਦਾ ਹੈ ਤੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ ।
(੧੨ ਤੋਂ ੧੫ ਤਕ)—ਜੇ ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਮਾਇਆ ਜੀਵ ਤੇ ਦਬਾ ਪਾ ਲੈਂਦੀ ਹੈ, ਸਾਰੀ ਉਮਰ ਵਿਕਾਰਾਂ ਵਿਚ ਮੰਦੇ ਹਾਲ ਗੁਜ਼ਰਦੀ ਹੈ, ਜਦੋਂ ਮਨੁੱਖ ਨਾਮ-ਰਸ ਹਾਸਲ ਕਰਦਾ ਹੈ ਤਦੋਂ ਹੀ ਸਮਝ ਪੈਂਦੀ ਹੈ ਕਿ ਮਾਇਆ ਦੇ ਸੁਆਦ ਫਿੱਕੇ ਤੇ ਕੌੜੇ ਦੁਖਦਾਈ ਹਨ ।
(੧੬ ਤੋਂ ੨੧ ਤਕ)—ਨਾਮ ਸਿਮਰਨ ਵਾਲੇ ਬੰਦਿਆਂ ਦੇ ਪੈਰਾਂ ਦੀ ਖਾਕ ਲੱਖਾਂ ਕਰੋੜਾਂ ਤੀਰਥਾਂ ਨਾਲੋਂ ਵਧੀਕ ਪਵਿੱਤ੍ਰ ਹੈ, ਕਿਉਂਕਿ ਸਿਮਰਨ ਵਾਲੇ ਬੰਦੇ ਪ੍ਰਭੂ ਨੂੰ ਅੰਗ ਸੰਗ ਵੇਖ ਕੇ ਕਿਸੇ ਦਾ ਦਿਲ ਨਹੀਂ ਦੁਖਾਂਦੇ, ਸਭ ਨਾਲ ਪਿਆਰ ਤੇ ਨਿਮਰਤਾ ਦਾ ਵਰਤਾਓ ਕਰਦੇ ਹਨ, ਉਹਨਾਂ ਦਾ ਮਨ ਸ਼ੁੱਧ ਹੁੰਦਾ ਹੈ, ਨਾਮ ਸਿਮਰਨ ਵਾਲੇ, ਮਾਨੋ, ਅਠਾਹਠ ਤੀਰਥਾਂ ਦੇ ਇਸ਼ਨਾਨੀ ਹਨ, ਮਾਇਆ ਦਾ ਕਿਲ੍ਹਾ ਬੰਦਗੀ ਵਾਲੇ ਹੀ ਜਿੱਤਦੇ ਹਨ, ਸੰਸਾਰ-ਸਮੁੰਦਰ ਤੋਂ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤਿ ਪਾਰ ਲੰਘਾਂਦੇ ਹਨ, ਕਿਉਂਕਿ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਹੀ ਵਧੀਕ ਖਿੱਚ ਪਾਂਦਾ ਹੈ ।
ਮੁੱਖ ਭਾਵ ਭਾਵੇਂ ਪਰਮਾਤਮਾ ਸਭ ਵਿਚ ਮੌਜੂਦ ਹੈ, ਪਰ ਪਵਿੱਤ੍ਰ ਜੀਵਨ ਉਸੇ ਮਨੁੱਖ ਦਾ ਹੀ ਹੋ ਸਕਦਾ ਹੈ ਜੋ ਸਤਸੰਗ ਵਿਚ ਰਹਿ ਕੇ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਤੇ ਪ੍ਰਭੂ ਦਾ ਨਾਮ ਸਿਮਰਦਾ ਹੈ, ਨਹੀਂ ਤਾਂ ਮਾਇਆ ਦਾ ਦਬਾ ਪੈਣ ਕਰਕੇ ਮਨੁੱਖ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਲੋਕ ਪਰਲੋਕ ਦੋਵੇਂ ਗਵਾ ਲੈਂਦਾ ਹੈ ।
'ਵਾਰ' ਦੀ ਬਣਤ ਸਤਿਗੁਰੂ ਅਰਜਨ ਸਾਹਿਬ ਜੀ ਦੀ ਇਸ 'ਵਾਰ' ਵਿਚ ੨੧ ਪਉੜੀਆਂ ਅਤੇ ੪੨ ਸਲੋਕ ਹਨ, ਹਰੇਕ ਪਉੜੀ ਦੇ ਨਾਲ ਦੋ ਦੋ ।
ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ ।
ਪਉੜੀ ਨੰ: ੧, ੯, ੧੬ ਅਤੇ ੨੦ ਨੂੰ ਛੱਡ ਕੇ ਬਾਕੀ ਸਾਰੀਆਂ ਪਉੜੀਆਂ ਨਾਲ ਦੋ-ਤੁਕੇ ਸ਼ਲੋਕ ਹਨ, ਬੋਲੀ ਭੀ ਸਭ ਸ਼ਲੋਕਾਂ ਦੀ ਇਕੋ ਜਿਹੀ ਹੈ ।
ਸ਼ਲੋਕਾਂ ਦੀ ਸਾਵੀਂ ਗਿਣਤੀ ਹਰੇਕ ਪਉੜੀ ਨਾਲ ਇਕੋ ਜਿਹੀ ਦੋ-ਤੁਕੀ ਬਨਾਵਟ ਇਕ-ਸਮਾਨ ਮਜ਼ਮੂਨ, ਸਾਰੇ ਹੀ ਸਲੋਕ ਤੇ ਪਉੜੀਆਂ ਇਕੋ ਹੀ ਗੁਰ-ਵਿਅਕਤੀ ਦੀਆਂ—ਇਸ ਡੂੰਘੀ ਸਾਂਝ ਤੋਂ ਇਹ ਨਤੀਜਾ ਕਢਿਆ ਜਾ ਸਕਦਾ ਹੈ ਕਿ ਇਹ 'ਵਾਰ' ਤੇ ਇਸ ਦੇ ਨਾਲ ਵਰਤੇ ਹੋਏ 'ਸਲੋਕ' ਇਕੋ ਹੀ ਸਮੇ ਦੇ ਉਚਾਰੇ ਹੋਏ ਹਨ ।
ਬੋਲੀ ਅਤੇ ਬਨਾਵਟ ਦੇ ਖਿ਼ਆਲ ਤੋਂ ਇਹੀ ਗੁਣ 'ਗੂਜਰੀ ਕੀ ਵਾਰ ਮ: ੫' ਵਿਚ ਮਿਲਦੇ ਹਨ ।
ਇਸ 'ਵਾਰ' ਦੀ ਪਉੜੀ ਨੰ: ੧੨ ਨੂੰ 'ਗੂਜਰੀ ਕੀ ਵਾਰ' ਦੀ ਪਉੜੀ ਨੰ: ੨੦ ਦੇ ਸਾਹਮਣੇ ਰੱਖ ਕੇ ਪੜ੍ਹੋ, ਬਹੁਤ ਲਫ਼ਜ਼ਾਂ ਦੀ ਸਾਂਝ ਹੈ ।
(੧) ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ . . ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥ . . ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥ . . ਦੁਖਿ ਲਗੇ ਬਿਲਲਾਣਿਆ ਨਰਕਿ ਘੋਰਿ ਸੁਤੇ ॥ . . ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥ {ਗੂਜਰੀ ਕੀ ਵਾਰ (੨) ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥ . . ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥. . ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥ . . ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥ . . ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥ {ਗਉੜੀ ਕੀ ਵਾਰ ਦੋਹਾਂ ‘ਵਾਰਾਂ’ ਬਾਰੇ ਇਸ ਉਪਰ-ਲਿਖੀ ਵਿਚਾਰ ਤੋਂ ਸੁਤੇ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਇਹ ਦੋਵੇਂ ‘ਵਾਰਾਂ’ ਅੱਗੜ ਪਿੱਛੜ ਨੇੜੇ ਦੇ ਸਮੇ ਵਿਚ ਹੀ ਲਿਖੀਆਂ ਸਨ ।
Follow us on Twitter Facebook Tumblr Reddit Instagram Youtube