ਮਃ ੪ ॥
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥

Sahib Singh
ਬਖਸੀਅਨੁ = ਬਖ਼ਸ਼ੀ ਹੈ ਉਸ ਪ੍ਰਭੂ ਨੇ ।
ਬਹਾਲਿਅਨੁ = ਬਹਾਲੇ ਹਨ ਉਸ ਪ੍ਰਭੂ ਨੇ ।
    (ਵੇਖੋ 'ਗੁਰਬਾਣੀ ਵਿਆਕਰਣ') ।
ਜੀਇ = ਹਿਰਦੇ ਵਿਚ ।
ਸਰਪਰ = ਜ਼ਰੂਰ ।
    
Sahib Singh
ਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਭਗਤ ਸਦਾ ਹਰੀ ਦਾ ਕੀਰਤਨ ਗਾਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ (ਜਪਦੇ ਹਨ) ।
ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ (ਜਪਣ) ਦਾ ਗੁਣ ਬਖ਼ਸ਼ਿਆ ਹੈ ਜੋ ਦਿਨੋਂ ਦਿਨ ਸਵਾਇਆ ਵਧਦਾ ਹੈ ।
ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿਚ ਅਡੋਲ ਕਰ ਦਿੱਤਾ ਹੈ (ਭਾਵ, ਮਾਇਆ ਦੇ ਪਿਛੇ ਨਹੀਂ ਡੋਲਣ ਦੇਂਦਾ) ।
ਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ ।
ਨਿੰਦਕ ਜਿਹੋ ਜਿਹਾ ਆਪਣੇ ਮਨ ਵਿਚ ਕਮਾਂਦੇ ਹਨ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ (ਕਿਉਂਕਿ) ਅੰਦਰ ਬੈਠ ਕੇ ਭੀ ਕੀਤਾ ਹੋਇਆ ਕੰਮ ਜ਼ਰੂਰ ਪਰਗਟ ਹੋ ਜਾਂਦਾ ਹੈ, ਭਾਵੇਂ ਕੋਈ ਧਰਤੀ ਵਿਚ (ਲੁਕ ਕੇ) ਕਰੇ ।
Follow us on Twitter Facebook Tumblr Reddit Instagram Youtube