ਮਃ ੩ ॥
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥
ਕੂੜੁ ਕੁਸਤੁ ਓਹੁ ਪਾਪ ਕਮਾਵੈ ॥
ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥
ਅੰਨਾ ਬੋਲਾ ਖੁਇ ਉਝੜਿ ਪਾਇ ॥
ਮਨਮੁਖੁ ਅੰਧਾ ਆਵੈ ਜਾਇ ॥
ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥
ਨਾਨਕ ਪੂਰਬਿ ਲਿਖਿਆ ਕਮਾਇ ॥੨॥

Sahib Singh
ਅਗਿਆਨੁ = ਵਿਚਾਰ = ਹੀਣ ।
ਖੁਇ = ਖੁੰਝ ਕੇ ।
ਉਝੜਿ = ਕੁਰਾਹੇ ।
    
Sahib Singh
ਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ, ਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ (ਵਿਸ਼ਿਆਂ ਦੇ) ਜੂਏ ਵਿਚ ਅਕਲ ਗਵਾ ਲੈਂਦਾ ਹੈ ।
ਉਹ (ਸਦਾ) ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ (ਇਸ ਵਾਸਤੇ) ਉਹ ਸੁਣੇ ਕੀਹ ਤੇ (ਕਿਸੇ ਨੂੰ) ਆਖ ਕੇ ਸੁਣਾਵੇ ਕੀਹ ?
(ਭਾਵ, ਕੂੜ-ਕੁਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ, ਨਾਹ ਉਹ ਪ੍ਰਭੂ ਦੀ ਬੰਦਗੀ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਸੁਣਾਂਦਾ ਹੈ) ।
(ਸਤਿਗੁਰੂ ਦੇ ਦਰਸ਼ਨ ਵਲੋਂ) ਅੰਨ੍ਹਾ (ਤੇ ਉਪਦੇਸ਼ ਵਲੋਂ) ਬੋਲਾ ਖੁੰਝ ਕੇ ਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿੱਤ ਜੰਮਦਾ ਮਰਦਾ ਹੈ ।
ਸਤਿਗੁਰੂ ਨੂੰ ਮਿਲਣ ਤੋਂ ਬਿਨਾ (ਦਰਗਾਹ ਵਿਚ) ਕਬੂਲ ਨਹੀਂ ਪੈਂਦਾ, (ਕਿਉਂਕਿ) ਹੇ ਨਾਨਕ! ਮੁਢ ਤੋਂ (ਕੀਤੇ ਮੰਦੇ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਉਸ ਦੇ ਮਨ ਵਿਚ) ਲਿਖੇ ਗਏ ਹਨ (ਉਹਨਾਂ ਦੇ ਅਨੁਸਾਰ ਹੁਣ ਭੀ ਮੰਦੇ ਕੰਮ ਹੀ) ਕਰੀ ਜਾਂਦਾ ਹੈ ।੨ ।
Follow us on Twitter Facebook Tumblr Reddit Instagram Youtube