ਮਃ ੩ ॥
ਮਾਇਆਧਾਰੀ ਅਤਿ ਅੰਨਾ ਬੋਲਾ ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥
ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥
ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥
ਨਾਨਕ ਵਜਦਾ ਜੰਤੁ ਵਜਾਇਆ ॥੨॥

Sahib Singh
ਰੋਲ ਘਚੋਲਾ = ਰੌਲਾ = ਗੌਲਾ ।
ਗੁਰਮੁਖਿ ਜਾਪੈ = ਗੁਰਮੁਖ ਦੀ ਪਛਾਣ ਇਹ ਹੈ ਕਿ ।
    
Sahib Singh
ਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ (ਸਤਿਗੁਰੂ ਵਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦਾ ਦਰਸ਼ਨ ਕਰ ਕੇ ਪਤੀਜ ਸਕਦਾ ਹੈ, ਤੇ ਨਾ ਹੀ ਉਪਦੇਸ਼ ਸੁਣ ਕੇ) ।
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, (ਪਰ) (ਮਾਇਆ ਦਾ) ਖਪਾਉਣ ਵਾਲਾ (ਭਾਵ, ਸਿਰ-ਦਰਦੀ ਕਰਾਉਣ ਵਾਲਾ) ਰੌਲਾ ਬਹੁਤ (ਪਸੰਦ ਕਰਦਾ ਹੈ) ।
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ, ਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ ।
(ਪਰ ਮਾਇਆਧਾਰੀ ਜਾਂ ਗੁਰਮੁਖਿ ਦੇ ਕੀਹ ਹੱਥ?) ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ ।
ਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ) ।੨ ।
Follow us on Twitter Facebook Tumblr Reddit Instagram Youtube