ਸਲੋਕ ਮਃ ੪ ॥
ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥
ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥
ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥
ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥
ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥
ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥
ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥
ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥੧॥

Sahib Singh
ਸਾਕਤ = ਰੱਬ ਨਾਲੋਂ ਟੁਟੇ ਹੋਏ ਬੰਦੇ ।
ਅੰਦਰਿ = ਪਉੜੀ ਨੰ: ੨੦ ਦੇ ਲਫ਼ਜ਼ 'ਅੰਦਰੁ' ਤੇ ਇਸ ਲਫਜ਼ ਦਾ ਫ਼ਰਕ ਚੇਤੇ ਰੱਖਣ-ਜੋਗ ਹੈ ।
ਲਧੋਵਾਰੇ = ਲਾਧ = ਪਰਖ ਦੇ ਵੇਲੇ, ਜਦੋਂ ਪਰਖ ਕੀਤੀ ਜਾਂਦੀ ਹੈ ।
    
Sahib Singh
ਜੇ ਸਾਕਤ ਮਨੁੱਖ ਸਤਿਗੁਰੂ ਦੇ ਅੱਗੇ ਜਾ ਭੀ ਨਿਊਣ, (ਤਾਂ ਭੀ) ਉਹ ਮਨੋਂ ਖੋਟੇ (ਰਹਿੰਦੇ ਹਨ) ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ ।
ਜਦੋਂ ਸਤਿਗੁਰੂ (ਸਭ ਸਿੱਖਾਂ ਨੂੰ) ਆਖਦਾ ਹੈ—'ਹੇ ਮੇਰੇ ਭਰਾਵੋ, ਸੁਚੇਤ ਹੋਵੋ!' (ਤਾਂ ਇਹ ਸਾਕਤ ਭੀ) ਬਗਲਿਆਂ ਵਾਂਗ (ਸਿੱਖਾਂ ਵਿਚ) ਰਲ ਕੇ ਬਹਿ ਜਾਂਦੇ ਹਨ ।
(ਪਰ ਸਾਕਤਾਂ ਦੇ ਹਿਰਦੇ ਵਿਚ ਕੂੜ ਵੱਸਦਾ ਹੈ) ਤੇ ਗੁਰਸਿੱਖਾਂ ਦੇ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ, (ਇਸ ਕਰਕੇ ਸਿੱਖਾਂ ਵਿਚ ਰਲ ਕੇ ਬੈਠੇ ਹੋਏ ਭੀ ਸਾਕਤ) ਲਾਧ ਦੇ ਵੇਲੇ ਚੁਣ ਕੇ ਕੱਢੇ ਜਾਂਦੇ ਹਨ ।
ਉਹ ਅਗਾਂਹ ਪਿਛਾਂਹ ਹੋ ਕੇ ਮੂੰਹ ਤਾਂ ਬਥੇਰਾ ਲੁਕਾਂਦੇ ਹਨ, ਪਰ ਕੂੜ ਦੇ ਵਪਾਰੀ (ਸਿੱਖਾਂ ਵਿਚ) ਰਲ ਨਹੀਂ ਸਕਦੇ ।
ਸਾਕਤਾਂ ਦਾ ਖਾਣਾ ਓਥੇ (ਗੁਰਸਿਖਾਂ ਦੇ ਸੰਗ ਵਿਚ) ਨਹੀਂ ਹੁੰਦਾ, (ਇਸ ਵਾਸਤੇ) ਭੇਡਾਂ ਵਾਂਗ (ਕਿਸੇ ਹੋਰ ਥਾਂ) ਜਾ ਕੇ ਕੂੜ ਨੂੰ ਲੱਭਦੇ ਹਨ ।
ਜੇ ਸਾਕਤ ਮਨੁੱਖ ਨੂੰ (ਨਾਮ-ਰੂਪ) ਚੰਗਾ ਪਦਾਰਥ ਖਵਾਣ ਦੀ ਇੱਛਾ ਭੀ ਕਰੀਏ ਤਾਂ ਭੀ ਉਹ ਮੂੰਹੋਂ (ਨਿੰਦਾ-ਰੂਪ) ਵਿਹੁ ਹੀ ਉਗਲ ਕੇ ਕੱਢਦਾ ਹੈ ।
(ਹੇ ਸੰਤ ਜਨੋਂ!) ਰੱਬ ਤੋਂ ਟੁੱਟੇ ਹੋਏ ਨਾਲ ਸਾਥ ਨਾ ਕਰਿਓ, (ਕਿਉਂਕਿ) ਸਿਰਜਨਹਾਰ ਨੇ ਆਪ ਉਹਨਾਂ ਨੂੰ (ਨਾਮ ਵਲੋਂ) ਮੁਰਦਾ ਕੀਤਾ ਹੋਇਆ ਹੈ, (ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣਾ ਕਿਸੇ ਜੀਵ ਦੇ ਵੱਸ ਨਹੀਂ), ਜਿਸ ਪ੍ਰਭੂ ਦਾ ਇਹ ਖੇਲ ਹੈ ਉਹ ਆਪ ਇਸ ਖੇਲ ਨੂੰ ਰਚ ਕੇ ਵੇਖ ਰਿਹਾ ਹੈ ।
ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਸੰਭਾਲ ।੧ ।
Follow us on Twitter Facebook Tumblr Reddit Instagram Youtube