ਸਲੋਕ ਮਹਲਾ ੩ ॥
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥
ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥
ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥
ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥
ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥
ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥
ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥

Sahib Singh
ਗਹਗਹਾ = ਗੂੜ੍ਹਾ ।
    
Sahib Singh
(ਜੀਵ-ਰੂਪੀ ਇਸਤ੍ਰੀ) ਗਉੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਏ; ਸਤਿਗੁਰੂ ਦੇ ਭਾਣੇ ਵਿਚ ਤੁਰੇ—ਇਹੋ ਜਿਹਾ ਸ਼ਿੰਗਾਰ ਕਰੇ; ਸੱਚਾ ਸ਼ਬਦ (ਰੂਪ ਜੋ) ਖਸਮ (ਹੈ) ਉਸ ਦਾ ਸਦਾ ਆਨੰਦ ਲਏ (ਭਾਵ, ਉਸ ਨੂੰ ਸਦਾ ਜਪੇ) ।
ਜਿਵੇਂ ਮਜੀਠ ਉਬਾਲਾ ਸਹਾਰਦੀ ਹੈ ਤੇ ਉਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਤਿਵੇਂ (ਜੀਵ ਰੂਪ ਇਸਤ੍ਰੀ) ਆਪਣਾ ਆਪ ਖਸਮ ਤੋਂ ਸਦਕੇ ਕਰੇ, (ਇਸ ਨੂੰ ਭੀ ਨਾਮ ਦਾ ਗੂੜ੍ਹਾ ਰੰਗ ਚੜ੍ਹ ਜਾਏ) ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ, ਉਹ (ਨਾਮ ਦੇ) ਗੂੜ੍ਹੇ ਰੰਗ ਵਿਚ ਰੱਤੀ ਜਾਂਦੀ ਹੈ ।
ਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ ।
(ਹਿਰਦੇ ਵਿਚ ਠੱਗੀ ਰੱਖਣ ਵਾਲੇ ਐਵੇਂ) ਝੂਠੀ ਵਡਿਆਈ ਕਰਦੇ ਹਨ, ਉਹਨਾਂ ਦਾ ਪਿਆਰ ਝੂਠ ਨਾਲ ਹੀ ਹੁੰਦਾ ਹੈ (ਤੇ ਇਹ ਗੱਲ ਲੁਕੀ ਨਹੀਂ ਰਹਿੰਦੀ) ।
Follow us on Twitter Facebook Tumblr Reddit Instagram Youtube