ਮਃ ੪ ॥
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥

Sahib Singh
ਤਾਣੁ = ਤਾਕਤ ।
ਦੀਬਾਣੁ = ਆਸਰਾ ।
ਤਿਨਿ = ਉਸ (ਪ੍ਰਭੂ) ਨੇ ।
ਆਣਿ = ਲਿਆ ਕੇ ।
ਧੂੜਿ ਤਿਨ = ਉਹਨਾਂ (ਦੇ ਚਰਨਾਂ) ਦੀ ਧੂੜ ।
    
Sahib Singh
ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ ।
ਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ ।
ਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂਦੇ ਮਨ ਵਿਚ (ਸਦਾ ਵੱਸਦਾ ਹੈ) ।
ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ ।
ਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ, ਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ ।
ਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੨ ।
Follow us on Twitter Facebook Tumblr Reddit Instagram Youtube