ਮਃ ੪ ॥
ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥
ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥
ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥
ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥
ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥
ਓਨਾ ਦਾ ਆਖਿਆ ਕੋ ਨ ਸੁਣੈ ਨਿਤ ਹਉਲੇ ਹਉਲਿ ਮਰਾਹੀ ॥
ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥
ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥
ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥
ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥
ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥
ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥
ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥

Sahib Singh
ਹੋਦੈ = ਹੁੰਦਿਆਂ ।
ਦਰਿ = (ਪ੍ਰਭੂ ਦੇ) ਦਰ ਤੇ ।
ਢੋਈ = ਆਸਰਾ ।
ਫਿਕੇ = ਭਰਿਸ਼ਟੇ ਹੋਏ ।
ਸਤਿਗੁਰਿ = ਗੁਰੂ ਵਲੋਂ ।
ਫਿਟਕੇ = ਫਿਟਕਾਰੇ ਹੋਏ, ਵਿਛੜੇ ਹੋਏ ।
ਭੰਭਲਭੂਸੇ = ਡੱਕੋ = ਡੋਲੇ ।
ਗੋਪਿਆ = ਨਿੰਦਾ ਕੀਤੀ ਹੈ ।
ਢਹਾ = ਢਾਹਾਂ ।
ਭੁਖ = ਤ੍ਰਿਸ਼ਨਾ ।
ਹਉਲਿ = ਹਉਲ ਵਿਚ, ਧੁੜਕੂ ਵਿਚ ।
ਹਉਲੇ = ਹਉਲ ਵਿਚ ਹੀ ।
ਅਗੈ = ਅੱਗੇ, ਪਰਲੋਕ ਵਿਚ ।
ਸਤਿਗੁਰਿ = ਗੁਰੂ ਵਲੋਂ ।
ਪਤਿ = ਇੱਜ਼ਤ ।
ਫਿਟਕੇ = ਫਿਟਕਾਰੇ ਹੋਏ ।
ਜਿ = ਜੇਹੜਾ ਮਨੁੱਖ ।
ਉਠਾਹੀ = ਚਮੋੜ ਦੇਂਦੇ ਹਨ ।
    
Sahib Singh
ਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿਚ ਢੋਈ ਨਹੀਂ ਮਿਲਦੀ ।
ਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ ਦਾ ਭੀ ਮੂੰਹ ਫਿੱਕਾ ਤੇ ਮੂੰਹ ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ ਮੂੰਹ ਤੇ ਫਿਟਕਾਂ ਪਾਂਦੇ ਹਨ) (ਕਿਉਂਕਿ) ਜੋ ਮਨੁੱਖ ਗੁਰੂ ਵਲੋਂ ਵਿੱਛੜੇ ਹੋਏ ਹਨ, ਉਹ ਸੰਸਾਰ ਵਿਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ ਹਨ ।
ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ (ਮਾਨੋ) ਢਾਹਾਂ ਮਾਰਦੇ ਫਿਰਦੇ ਹਨ ।
ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ, ਤੇ ਸਦਾ ਭੁੱਖ ਭੁੱਖ ਕੂਕਦੇ ਹਨ, ਕੋਈ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ (ਇਸ ਕਰਕੇ) ਉਹ ਸਦਾ ਚਿੰਤਾ ਫ਼ਿਕਰ ਵਿਚ ਹੀ ਖਪਦੇ ਹਨ ।
ਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿਚ ਟਿਕਾਣਾ ਨਹੀਂ ਮਿਲਦਾ ।
ਗੁਰੂ ਤੋਂ ਜੋ ਵਿੱਛੜੇ ਹਨ, ਉਹਨਾਂ ਨੂੰ ਜੋ ਮਨੁੱਖ ਜਾ ਮਿਲਦੇ ਹਨ, ਉਹ ਭੀ ਆਪਣੀ ਮਾੜੀ ਮੋਟੀ ਸਾਰੀ ਇੱਜ਼ਤ ਗਵਾ ਲੈਂਦੇ ਹਨ (ਕਿਉਂਕਿ) ਗੁਰੂ ਤੋਂ ਖੁੰਝੇ ਹੋਏ ਉਹ ਤਾਂ ਅੱਗੇ ਹੀ ਕੋਹੜੇ ਹਨ, ਜੋ ਕੋਈ ਅਜੇਹੇ ਮਨੁੱਖ ਦਾ ਸੰਗ ਕਰਦਾ ਹੈ ਉਸ ਨੂੰ ਭੀ ਕੋਹੜ ਚਮੋੜ ਦੇਂਦੇ ਹਨ ।
(ਹੇ ਸਿੱਖੋ!) ਰੱਬ ਕਰਕੇ ਉਹਨਾਂ ਦਾ ਦਰਸ਼ਨ ਭੀ ਨਾ ਕਰੋ ਜੋ (ਸਤਿਗੁਰੂ ਨੂੰ ਛੱਡ ਕੇ) ਮਾਇਆ ਦੇ ਪਿਆਰ ਵਿਚ ਚਿਤ ਜੋੜਦੇ ਹਨ, ਉਹਨਾਂ ਨਾਲ (ਭਾਵ, ਉਹਨਾਂ ਨੂੰ ਸੁਧਾਰਨ ਲਈ) ਕੋਈ ਉਪਾਵ ਕਾਰਗਰਨਹੀਂ ਹੋ ਸਕਦਾ, ਕਿਉਂਕਿ ਕਰਤਾਰ ਨੇ ਮੁੱਢ ਤੋਂ ਹੀ (ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਇਹੋ ਜਿਹੇ ਦੂਜੇ ਭਾਵ ਦੇ ਸੰਸਕਾਰ ਹੀ ਉਹਨਾਂ ਦੇ ਮਨ ਵਿਚ) ਲਿਖ ਕੇ ਪਾ ਦਿੱਤੇ ਹਨ ।
ਹੇ ਦਾਸ ਨਾਨਕ! ਤੂੰ ਨਾਮ ਜਪ, ਨਾਮ ਜਪਣ ਵਾਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਨਾਮ ਦੀ ਮਹਿਮਾ ਬਹੁਤ ਵੱਡੀ ਹੈ, ਦਿਨੋ ਦਿਨ ਵਧਦੀ ਜਾਂਦੀ ਹੈ ।੨ ।
Follow us on Twitter Facebook Tumblr Reddit Instagram Youtube