ਪਉੜੀ ॥
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥

Sahib Singh
ਨਾਨਕ = ਹੇ ਨਾਨਕ !
ਮੁਖੈ ਤੇ = ਮੂੰਹ ਤੋਂ ।
ਹੋਵੰਦੇ = ਵਰਤ ਜਾਂਦੇ ਹਨ ।
ਪਹਾਰਾ = ਸੰਸਾਰ ਵਿਚ ।
ਸਭਿ = ਸਾਰੇ ।
ਮੁਗਧ = ਮੂਰਖ ।
ਖਹੰਦੇ = (ਜੋ) ਝਗੜਾ ਪਾਂਦੇ ਹਨ ।
ਓਇ = ਉਹ ਮੁਗਧ ਨਰ {ਬਹੁ = ਵਚਨ} ।
ਓਨਾ ਗੁਣੈ ਨੋ = ਉਹਨਾਂ ਸੰਤ-ਜਨਾਂ ਦੇ ਗੁਣਾਂ ਨੂੰ ।
ਅਹੰਕਾਰਿ = ਅਹੰਕਾਰ ਵਿਚ ।
ਤਿਨਿ = ਉਸ ਨੇ ।
ਸੰਦੇ = ਦੇ ।
ਨਿਆਇ = ਨਿਆਂ ਅਨੁਸਾਰ ।
ਪਚੰਦੇ = ਸੜਦੇ ਹਨ ।
ਸੰਤਿ = ਸੰਤ ਵਲੋਂ ।
ਪੇਡੁ = ਬੂਟਾ ।
ਸਰਾਪਿਆ = ਫਿਟਕਾਰਿਆ ਹੋਇਆ, ਦੁਰਕਾਰਿਆ ਹੋਇਆ, ਪਰੇ ਹਟਿਆ ਹੋਇਆ ।੧੨ ।
    
Sahib Singh
ਹੇ ਨਾਨਕ! ਸੰਤ (ਆਪਣੀ) ਵੀਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ ਪੁਸਤਕ ਭੀ ਇਹੀ ਗੱਲ) ਆਖਦੇ ਹਨ (ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ ।
(ਭਗਤ) ਸਾਰੇ ਜਗਤ ਵਿਚ ਉੱਘੇ ਹੋ ਜਾਂਦੇ ਹਨ, ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ ।
ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਂਦੇ, (ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ ।
ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ ?
ਮੁੱਢ ਤੋਂ (ਮੰਦੇ ਕਰਮ ਕਰਨ ਕਰਕੇ) ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ (ਤੇ ਇਹਨਾਂ ਸੰਸਕਾਰਾਂ ਦੇ ਪ੍ਰੇਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ) ।
ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ ।
ਨਿਰਵੈਰਾਂ ਨਾਲ ਭੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ-ਅਨੁਸਾਰ ਦੁਖੀ ਹੁੰਦੇ ਹਨ ।
ਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ ।
ਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ।੧੨ ।
Follow us on Twitter Facebook Tumblr Reddit Instagram Youtube