ਸਲੋਕ ਮਃ ੪ ॥
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀਂ ਫਿਰਿ ਆਣਿ ਘਰਿ ਪਾਇਆ ॥
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥

Sahib Singh
ਖਿਧੋਲੜਾ = ਜੁੱਲਾ ।
ਗੂਹ = ਗੰਦ ।
ਸਗਵੀ = ਸਗੋਂ ਵਧੇਰੀ ।
ਤੜ = ਤੜੱਕ, ਤੁਰਤ ।
ਸਭਤੁ = ਸਭ ਥਾਂ ।
ਸਣੈ = ਸਮੇਤ ।
ਨਫਰ = ਨੌਕਰ ।
ਪਉਲੀ ਪਉਦੀ = ਜੁੱਤੀਆਂ ਪੈਂਦਿਆਂ ।
ਫਾਵਾ = ਬਉਰਾ, ਪਾਗਲ ।
ਭਤੀਜˆੀ = ਭਤੀਜਿਆਂ ਨੇ ।
ਆਣਿ = ਲਿਆ ਕੇ ।
ਬਹਿ = ਬੈਠ ਕੇ, (ਭਾਵ,) ਗੁਹ ਨਾਲ ।
ਪਚਾਇਆ = ਖ਼ੁਆਰ ਕੀਤਾ ।
ਅਖਰੁ = ਬਚਨ, ਨਿਆਂ ਦਾ ਬਚਨ ।
ਤਿਨਿ = ਉਸ ਪ੍ਰਭੂ ਨੇ ।੧ ।
    
Sahib Singh
ਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁੱਲਾ ਉਸ ਬੇ-ਮੁਖ ਨੇ ਬੇ-ਮੁਖ ਨੂੰ ਪਾ ਦਿੱਤਾ, ਸੰਸਾਰ ਵਿਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦੇਂਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ (ਵਾਪਸ) ਆਇਆ ।
ਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ (ਸਾਲਾਹ) ਕਰ ਕੇ ਭੇਜਿਆ ਗਿਆ ਸੀ, ਉਥੇ ਭੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ ।
ਸੰਸਾਰ ਵਿਚ ਸਭਨੀਂ ਪਾਸੀਂ ਤੁਰਤ ਸੁਣਿਆ ਗਿਆ ਕਿ ਹੇ ਭਾਈ! ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ ।
ਅੱਗੋਂ ਸੰਗਤਾਂ ਤੇ ਕੁੜਮਾਂ (ਭਾਵ, ਸਾਕਾਂ ਅੰਗਾਂ) ਵਿਚ ਬੇਮੁਖ ਨੂੰ ਬਹਿਣਾ ਨਾ ਮਿਲੇ, ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਟਿਕਾਣਾ ਦਿੱਤਾ, ਉਸ ਦੇ ਲੋਕ ਪਰਲੋਕ ਦੋਵੇਂ ਅਜਾਈਂ ਗਏ ਤੇ (ਹੁਣ) ਭੁੱਖਾ ਤੇ ਤਿਹਾਇਆ ਕੂਕਦਾ ਹੈ ।
ਧੰਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ, (ਕਿ) ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਸ ਨੂੰ ਆਪ (ਆਤਮਕ ਮੌਤ) ਮਾਰ ਕੇ ਦੁਖੀ ਕਰਦਾ ਹੈ,—(ਇਹ) ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ।੧ ।
Follow us on Twitter Facebook Tumblr Reddit Instagram Youtube