ਸਲੋਕ ਮਃ ੪ ॥
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥

Sahib Singh
ਨਿਰੰਜਨੁ = ਨਿਰ = ਅੰਜਨ ।
ਅੰਜਨ = ਕਾਲਖ, ਮਾਇਆ ਦਾ ਪ੍ਰਭਾਵ ।
ਨਿਰਭਉ = ਜਿਸ ਨੂੰ ਕੋਈ ਡਰ ਨਹੀਂ ।
ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਸਰੀਰ ਨਹੀਂ ।
ਇਕ ਮਨਿ = ਇਕ ਮਨ ਦੀ ਰਾਹੀਂ, ਮਨ ਲਾ ਕੇ, ਮਨ ਇਕ ਹਰੀ ਵੱਲ ਲਾ ਕੇ ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ।
ਜੈਕਾਰੁ = ਵਡਿਆਈ ।
ਫਿਟੁ ਫਿਟੁ ਕਹੈ = ਫਿਟਕਾਰਾਂ ਪਾਂਦਾ ਹੈ ।
ਵਰਤਦਾ = ਮੌਜੂਦ ਹੈ ।
ਧੰਨੁ = ਮੁਬਾਰਿਕ ।
ਵਾਰਿਆ = ਸਦਕੇ ।੧ ।
    
Sahib Singh
ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ, ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ ।
(ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ ।
ਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ, (ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ ।
ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ ।
(ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ ।੧ ।
Follow us on Twitter Facebook Tumblr Reddit Instagram Youtube