ਮਃ ੪ ॥
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥

Sahib Singh
ਤਿਸਟਿਆ = ਟਿਕਿਆ, ਸ਼ਾਂਤ = ਚਿੱਤ ਹੋਇਆ ।
ਗੁਝਾ = ਲੁਕਿਆ ।੨ ।
    
Sahib Singh
ਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ (ਹਿਰਦੇ) ਵਿਚ ਸਦਾ ਦਇਆ (ਹੀ ਦਇਆ) ਹੈ ।
ਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ ?
ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;) (ਤੇ) ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ ।
ਜਿਸ ਭਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ (ਜ਼ਾਹਰਦਾਰੀ ਸਫਲ ਨਹੀਂ ਹੋ ਸਕਦੀ); ਕਿਉਂਕਿ ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ ।੨ ।
Follow us on Twitter Facebook Tumblr Reddit Instagram Youtube