ਸਰਬ ਭੂਤ ਆਪਿ ਵਰਤਾਰਾ ॥
ਸਰਬ ਨੈਨ ਆਪਿ ਪੇਖਨਹਾਰਾ ॥
ਸਗਲ ਸਮਗ੍ਰੀ ਜਾ ਕਾ ਤਨਾ ॥
ਆਪਨ ਜਸੁ ਆਪ ਹੀ ਸੁਨਾ ॥
ਆਵਨ ਜਾਨੁ ਇਕੁ ਖੇਲੁ ਬਨਾਇਆ ॥
ਆਗਿਆਕਾਰੀ ਕੀਨੀ ਮਾਇਆ ॥
ਸਭ ਕੈ ਮਧਿ ਅਲਿਪਤੋ ਰਹੈ ॥
ਜੋ ਕਿਛੁ ਕਹਣਾ ਸੁ ਆਪੇ ਕਹੈ ॥
ਆਗਿਆ ਆਵੈ ਆਗਿਆ ਜਾਇ ॥
ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥

Sahib Singh
ਭੂਤ = ਜੀਵ ।
ਵਰਤਾਰਾ = ਵਰਤ ਰਿਹਾ ਹੈ, ਮੌਜੂਦ ਹੈ ।
ਨੈਨ = ਅੱਖਾਂ ।
ਤਨਾ = ਸਰੀਰ ।
ਜਸੁ = ਸੋਭਾ ।
ਖੇਲੁ = ਤਮਾਸ਼ਾ ।
ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ ।
ਮਧਿ = ਵਿਚ, ਅੰਦਰ ।
ਅਲਿਪਤੋ = ਨਿਰਲੇਪ ।
    
Sahib Singh
ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ, (ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ ।
(ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ, (ਸਭ ਵਿਚ ਵਿਆਪਕਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ ।
(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ ।
ਹੇ ਨਾਨਕ! (ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ, ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ।੬ ।
Follow us on Twitter Facebook Tumblr Reddit Instagram Youtube