ਜਹ ਅਬਿਗਤੁ ਭਗਤੁ ਤਹ ਆਪਿ ॥
ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥
ਦੁਹੂ ਪਾਖ ਕਾ ਆਪਹਿ ਧਨੀ ॥
ਉਨ ਕੀ ਸੋਭਾ ਉਨਹੂ ਬਨੀ ॥
ਆਪਹਿ ਕਉਤਕ ਕਰੈ ਅਨਦ ਚੋਜ ॥
ਆਪਹਿ ਰਸ ਭੋਗਨ ਨਿਰਜੋਗ ॥
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥
ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥
ਬੇਸੁਮਾਰ ਅਥਾਹ ਅਗਨਤ ਅਤੋਲੈ ॥
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥

Sahib Singh
ਅਬਿਗਤੁ = {ਸ਼ਕਟ. ਅÒਯ#ਤ} ਅਦਿ੍ਰਸ਼ਟ ਪ੍ਰਭੂ ।
ਸੰਤ ਪਰਤਾਪਿ = ਸੰਤਾਂ ਦੇ ਪਰਤਾਪ ਵਾਸਤੇ, ਸੰਤਾਂ ਦੀ ਮਹਿਮਾ ਵਧਾਉਣ ਲਈ ।
ਧਨੀ = ਮਾਲਕ ।
ਦੁਹੂ ਪਾਖ ਕਾ = (ਸੰਤਾਂ ਦਾ ਪਰਤਾਪ ਤੇ ਮਾਇਆ ਦਾ ਪ੍ਰਭਾਵ ਰੂਪ) ਦੋਹਾਂ ਪਾਸਿਆਂ ਦਾ ।
ਬਨੀ = ਫਬਦੀ ਹੈ ।
ਨਿਰਜੋਗ = ਨਿਰਲੇਪ ।
ਆਪਨ ਨਾਇ = ਆਪਣੇ ਨਾਮ ਵਿਚ ।
ਖੇਲ = ਮਾਇਆ ਦੀਆਂ ਖੇਡਾਂ ਵਿਚ ।
ਬੇਸੁਮਾਰ = ਹੇ ਬੇਅੰਤ !
    
Sahib Singh
ਜਿਥੇ ਅਦਿ੍ਰਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ ।
ਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ ।
ਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ, (ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ—ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ ।
ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ, ਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ ।
ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ, ਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ ।
ਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਹੇ ਬੇਅੰਤ! ਹੇ ਅਥਾਹ! ਹੇ ਅਗਣਤ! ਹੇ ਅਡੋਲ ਪ੍ਰਭੂ! ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ ।੮।੨੧ ।

ਨੋਟ: ਇਸ ਅਸ਼ਟਪਦੀ ਵਿਚ ਇਸ ਖਿ਼ਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ ।
ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ ।
ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾਹ ਕੋਈ ਜੀਵ ਸਨ, ਨਾਹ ਹੀ ਮਾਇਆ ਸੀ ।
ਤਦੋਂ ਕਰਮਾਂ ਦਾ ਭੀ ਅਭਾਵ ਸੀ ।
ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ ।
ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿਚ ਆ ਹੀ ਗਿਆ ।
Follow us on Twitter Facebook Tumblr Reddit Instagram Youtube