ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ॥
ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥
ਜਹ ਨਿਰੰਜਨ ਨਿਰੰਕਾਰ ਨਿਰਬਾਨ ॥
ਤਹ ਕਉਨ ਕਉ ਮਾਨ ਕਉਨ ਅਭਿਮਾਨ ॥
ਜਹ ਸਰੂਪ ਕੇਵਲ ਜਗਦੀਸ ॥
ਤਹ ਛਲ ਛਿਦ੍ਰ ਲਗਤ ਕਹੁ ਕੀਸ ॥
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥
ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥
ਕਰਨ ਕਰਾਵਨ ਕਰਨੈਹਾਰੁ ॥
ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥

Sahib Singh
ਪੁਰਖੁ = ਆਕਾਲ ਪੁਰਖ ।
ਪੁਰਖਪਤਿ = ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ ।
ਨਿਰਬਾਨ = ਵਾਸ਼ਨਾ = ਰਹਿਤ ।
ਜਗਦੀਸ = ਜਗਤ ਦਾ (ਈਸ਼) ਮਾਲਕ ।
ਛਲ = ਧੋਖਾ ।
ਛਿਦ੍ਰ = ਐਬ ।
ਕੀਸ = ਕਿਸ ਨੂੰ ?
ਤਿ੍ਰਪਤਾਵੈ = ਰੱਜਦਾ ਹੈ ।
ਸੁਮਾਰੁ = ਅੰਦਾਜ਼ਾ ।
    
Sahib Singh
ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਓਥੇ ਉਹ ਮੈਲ-ਰਹਿਤ ਸੀ, ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ ?
ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ, ਉਥੇ ਮਾਣ ਅਹੰਕਾਰ ਕਿਸ ਨੂੰ ਹੋਣਾ ਸੀ ?
ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ, ਓਥੇ ਦੱਸੋ, ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ ?
ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ, ਤਦੋਂ ਕਿਸ ਨੂੰ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ ?
ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ ।
ਹੇ ਨਾਨਕ! ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ।੪ ।
Follow us on Twitter Facebook Tumblr Reddit Instagram Youtube