ਗੁਰ ਕੀ ਮਤਿ ਤੂੰ ਲੇਹਿ ਇਆਨੇ ॥
ਭਗਤਿ ਬਿਨਾ ਬਹੁ ਡੂਬੇ ਸਿਆਨੇ ॥
ਹਰਿ ਕੀ ਭਗਤਿ ਕਰਹੁ ਮਨ ਮੀਤ ॥
ਨਿਰਮਲ ਹੋਇ ਤੁਮ੍ਹਾਰੋ ਚੀਤ ॥
ਚਰਨ ਕਮਲ ਰਾਖਹੁ ਮਨ ਮਾਹਿ ॥
ਜਨਮ ਜਨਮ ਕੇ ਕਿਲਬਿਖ ਜਾਹਿ ॥
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥
ਸੁਨਤ ਕਹਤ ਰਹਤ ਗਤਿ ਪਾਵਹੁ ॥
ਸਾਰ ਭੂਤ ਸਤਿ ਹਰਿ ਕੋ ਨਾਉ ॥
ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥

Sahib Singh
ਇਆਨੇ = ਹੇ ਅੰਞਾਣ !
ਬਹੁ ਸਿਆਨੇ = ਕਈ ਸਿਆਣੇ ਬੰਦੇ ।
ਕਿਲਬਿਖ = ਪਾਪ ।
ਸੁਨਤ = ਸੁਣਦਿਆਂ ।
ਰਹਤ = ਰਹਿੰਦਿਆਂ, ਭਾਵ ਉੱਤਮ ਜ਼ਿੰਦਗੀ ਬਣਾ ਕੇ ।
ਗਤਿ = ਉੱਚੀ ਅਵਸਥਾ ।
ਸਾਰ = ਸ੍ਰੇਸ਼ਟ, ਸਭ ਤੋਂ ਚੰਗੀ ।
ਭੂਤ = ਪਦਾਰਥ, ਚੀਜ਼ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਬਾਇ = ਪ੍ਰੇਮ ਨਾਲ ।
    
Sahib Singh
ਹੇ ਅੰਞਾਣ! ਸਤਿਗੁਰੂ ਦੀ ਮਤਿ ਲੈ (ਭਾਵ, ਸਿੱਖਿਆ ਤੇ ਤੁਰ) ਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ ।
ਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ, ਇਸ ਤ੍ਰਹਾਂ ਤੇਰੀ ਸੁਰਤਿ ਪਵਿਤ੍ਰ ਹੋਵੇਗੀ ।
(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ, ਇਸ ਤ੍ਰਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ; (ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ, (ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ ।ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ; (ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ।੬ ।
Follow us on Twitter Facebook Tumblr Reddit Instagram Youtube