ਬਾਰੰ ਬਾਰ ਬਾਰ ਪ੍ਰਭੁ ਜਪੀਐ ॥
ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥
ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥
ਨਾਮੁ ਧਨੁ ਨਾਮੋ ਰੂਪੁ ਰੰਗੁ ॥
ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥
ਨਾਮ ਰਸਿ ਜੋ ਜਨ ਤ੍ਰਿਪਤਾਨੇ ॥
ਮਨ ਤਨ ਨਾਮਹਿ ਨਾਮਿ ਸਮਾਨੇ ॥
ਊਠਤ ਬੈਠਤ ਸੋਵਤ ਨਾਮ ॥
ਕਹੁ ਨਾਨਕ ਜਨ ਕੈ ਸਦ ਕਾਮ ॥੬॥

Sahib Singh
ਪੀ = ਪੀ ਕੇ ।
ਧ੍ਰਪੀਐ = ਰਜਾਵੀਏ, ਤਿ੍ਰਪਤ ਕਰੀਏ ।
ਤਨੁ = (ਭਾਵ,) ਸਰੀਰਕ ਇੰਦ੍ਰੇ ।
ਜਿਨਿ = ਜਿਸ ਨੇ ।
ਗੁਰਮੁਖਿ = ਜਿਸ ਦਾ ਮੁਖ ਗੁਰੂ ਵੱਲ ਹੈ ।
ਦਿ੍ਰਸਟਾਇਆ = ਵੇਖਿਆ ।
ਨਾਮੋ = ਨਾਮ ਹੀ ।ਨਾਮ ਰਸਿ—ਨਾਮ ਦੇ ਸੁਆਦ ਵਿਚ ।
ਤਿ੍ਰਪਤਾਨੇ = ਰੱਜ ਗਏ ਹਨ ।
ਨਾਮਹਿ ਨਾਮਿ = ਨਾਮ ਹੀ ਨਾਮ ਵਿਚ, ਕੇਵਲ ਨਾਮ ਵਿਚ ਹੀ ।
ਸਮਾਨੇ = ਜੁੜੇ ਰਹਿੰਦੇ ਹਨ ।
ਸਦ = ਸਦਾ ।
ਜਨ ਕੈ = ਸੇਵਕ ਦੇ ਹਿਰਦੇ ਵਿਚ ।
ਕਾਮ = ਕੰਮ, ਆਹਰ ।
    
Sahib Singh
(ਹੇ ਭਾਈ!) ਘੜੀ ਮੁੜੀ ਪ੍ਰਭੂ ਨੂੰ ਸਿਮਰੀਏ, ਤੇ (ਨਾਮ-) ਅੰਮਿ੍ਰਤ ਪੀ ਕੇ ਇਸ ਮਨ ਨੂੰ ਤੇ ਸਰੀਰਕ ਇੰਦਿ੍ਰਆਂ ਨੂੰ ਰਜਾ ਦੇਵੀਏ ।
ਜਿਸ ਗੁਰਮੁਖ ਨੇ ਨਾਮ-ਰੂਪੀ ਰਤਨ ਲੱਭ ਲਿਆ ਹੈ, ਉਸ ਨੂੰ ਪ੍ਰਭੂ ਤੋਂ ਬਿਨਾ ਕਿਤੇ ਹੋਰ ਕੁਝ ਨਹੀਂ ਦਿੱਸਦਾ; ਨਾਮ (ਉਸ ਗੁਰਮੁਖ ਦਾ) ਧਨ ਹੈ, ਤੇ ਪ੍ਰਭੂ ਦੇ ਨਾਮ ਦਾ ਉਹ ਸਦਾ ਸੰਗ ਕਰਦਾ ਹੈ ।
ਜੋ ਮਨੁੱਖ ਨਾਮ ਦੇ ਸੁਆਦ ਵਿਚ ਰੱਜ ਗਏ ਹਨ, ਉਹਨਾਂ ਦੇ ਮਨ ਤਨ ਕੇਵਲ ਪ੍ਰਭੂ-ਨਾਮ ਵਿਚ ਹੀ ਜੁੜੇ ਰਹਿੰਦੇ ਹਨ ।
ਹੇ ਨਾਨਕ! ਆਖ ਕਿ ਉਠਦਿਆਂ ਬੈਠਦਿਆਂ, ਸੁੱਤਿਆਂ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਨਾ ਹੀ ਸੇਵਕਾਂ ਦਾ ਸਦਾ ਆਹਰ ਹੁੰਦਾ ਹੈ ।੬ ।
Follow us on Twitter Facebook Tumblr Reddit Instagram Youtube