ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥
ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
ਭੈ ਤੇ ਨਿਰਭਉ ਹੋਇ ਬਸਾਨਾ ॥
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥
ਬਸਤੁ ਮਾਹਿ ਲੇ ਬਸਤੁ ਗਡਾਈ ॥
ਤਾ ਕਉ ਭਿੰਨ ਨ ਕਹਨਾ ਜਾਈ ॥
ਬੂਝੈ ਬੂਝਨਹਾਰੁ ਬਿਬੇਕ ॥
ਨਾਰਾਇਨ ਮਿਲੇ ਨਾਨਕ ਏਕ ॥੨॥

Sahib Singh
ਸਤਿ ਸਰੂਪ = ਸਦਾ = ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤਿ ।
ਜਿਨਿ = ਜਿਸ (ਮਨੁੱਖ) ਨੇ ।
ਮੂਲੁ = ਮੁੱਢ, ਕਾਰਣ ।
ਬਿਸ੍ਵਾਸੁ = ਸਰਧਾ ।
ਬਸਤੁ = ਚੀਜ਼ ।
ਗਡਾਈ = ਮਿਲਾਈ ।
ਭਿੰਨ = ਵੱਖਰੀ ।
ਬਿਬੇਕ = ਵਿਚਾਰ, ਪਰਖ ।
ਨਾਰਾਇਨ = ਅਕਾਲ ਪੁਰਖ ।
    
Sahib Singh
ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ, ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ, ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ; (ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ, (ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ, ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ ।
(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ ।
ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ।੨ ।
Follow us on Twitter Facebook Tumblr Reddit Instagram Youtube