ਜਾ ਕੀ ਲੀਲਾ ਕੀ ਮਿਤਿ ਨਾਹਿ ॥
ਸਗਲ ਦੇਵ ਹਾਰੇ ਅਵਗਾਹਿ ॥
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥
ਸਗਲ ਪਰੋਈ ਅਪੁਨੈ ਸੂਤਿ ॥
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥
ਜਨ ਦਾਸ ਨਾਮੁ ਧਿਆਵਹਿ ਸੇਇ ॥
ਤਿਹੁ ਗੁਣ ਮਹਿ ਜਾ ਕਉ ਭਰਮਾਏ ॥
ਜਨਮਿ ਮਰੈ ਫਿਰਿ ਆਵੈ ਜਾਏ ॥
ਊਚ ਨੀਚ ਤਿਸ ਕੇ ਅਸਥਾਨ ॥
ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥

Sahib Singh
ਲੀਲਾ = (ਜਗਤ ਰੂਪ) ਖੇਡ ।
ਮਿਤਿ = ਮਿਣਤੀ, ਅੰਦਾਜ਼ਾ ।
ਅਵਗਾਹਿ = ਚੁੱਭੀ ਲਾ ਕੇ, ਖੋਜ ਖੋਜ ਕੇ ।
ਸਗਲ = ਸਾਰੀ (ਸਿ੍ਰਸ਼ਟੀ) ।
ਸੂਤਿ = ਸੂਤ੍ਰ ਵਿਚ, ਧਾਗੇ ਵਿਚ, (ਜਿਵੇਂ ਮਾਲਾ ਦੇ ਮਣਕੇ) ।
ਗਿਆਨੁ = ਉਚੀ ਸਮਝ ।
ਧਿਆਨੁ = (ਪ੍ਰਭੂ = ਚਰਨਾਂ ਵਿਚ) ਸੁਰਤਿ ਜੋੜਨੀ ।
ਜਿਨ ਦੇਇ = ਜਿਨ੍ਹਾਂ ਨੂੰ ਦੇਂਦਾ ਹੈ ।
ਸੇਇ = ਉਹ ਹੀ ।
ਭਰਮਾਏ = ਭਟਕਾਉਂਦਾ ਹੈ ।
ਊਚ ਅਸਥਾਨ = ਸੁਮਤਿ ਗਿਆਨ ਧਿਆਨ ਵਾਲੇ ਜੀਵ ।
ਨੀਚ ਅਸਥਾਨ = ਤਿੰਨ ਗੁਣਾਂ ਵਿਚ ਭਟਕਣ ਵਾਲੇ ਜੀਵ ।
ਜਨਾਵੈ = ਸਮਝ ਦੇਂਦਾ ਹੈ ।
    
Sahib Singh
ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ, ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ; (ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ ?
(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ ।
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤਿ ਜੋੜਨ ਦੀ ਦਾਤਿ ਦੇਂਦਾ ਹੈ, ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ ।
(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ, ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ ।
ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤਿ੍ਰਗੁਣੀ ਨੀਚ ਬੰਦਿਆਂ ਦੇ ਮਨ—ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ) ।
ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ।੩ ।
Follow us on Twitter Facebook Tumblr Reddit Instagram Youtube