ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥
ਸਗਲ ਸੰਸਾਰੁ ਉਧਰੈ ਤਿਨ ਮੰਤ ॥
ਪ੍ਰਭ ਕੇ ਸੇਵਕ ਸਗਲ ਉਧਾਰਨ ॥
ਪ੍ਰਭ ਕੇ ਸੇਵਕ ਦੂਖ ਬਿਸਾਰਨ ॥
ਆਪੇ ਮੇਲਿ ਲਏ ਕਿਰਪਾਲ ॥
ਗੁਰ ਕਾ ਸਬਦੁ ਜਪਿ ਭਏ ਨਿਹਾਲ ॥
ਉਨ ਕੀ ਸੇਵਾ ਸੋਈ ਲਾਗੈ ॥
ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥
ਨਾਮੁ ਜਪਤ ਪਾਵਹਿ ਬਿਸ੍ਰਾਮੁ ॥
ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥

Sahib Singh
ਜਿਨ = ਜਿਨ੍ਹਾਂ ਮਨੁੱਖਾਂ ਨੇ ।
ਤਿਨ ਮੰਤ = ਉਹਨਾਂ ਦੇ ਉਪਦੇਸ਼ਾਂ ਨਾਲ ।
ਸਗਲ ਉਧਾਰਨ = ਸਾਰਿਆਂ ਨੂੰ ਬਚਾਉਣ ਵਾਲੇ ।
ਦੂਖ ਬਿਸਾਰਨ = ਦੁੱਖਾਂ ਦਾ ਨਾਸ ਕਰਨ ਵਾਲੇ ।
ਜਪਿ = ਜਪ ਕੇ ।
ਨਿਹਾਲ = (ਫੁੱਲਾਂ ਵਾਂਗ) ਖਿੜੇ ਹੋਏ ।
ਕਰਹਿ = ਤੂੰ ਕਰਦਾ ਹੈਂ ।
ਬਡਭਾਗੈ = ਵੱਡੀ ਕਿਸਮਤ ਵਾਲੇ ਨੂੰ ।
ਬਿਸਰਾਮੁ = ਟਿਕਾਣਾ, ਦੁੱਖਾਂ ਤੋਂ ਬਚਾਉ ।
ਮਾਨੁ = ਸਮਝ, ਜਾਣ ਲੈ ।
    
Sahib Singh
ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ; ਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ ।
ਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ, (ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ ।
(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ, ਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ ।
ਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ, ਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ!) ਤੂੰ ਆਪ ਮੇਹਰ ਕਰਦਾ ਹੈਂ ।(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ; ਹੇ ਨਾਨਕ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ।੭ ।
Follow us on Twitter Facebook Tumblr Reddit Instagram Youtube