ਨਹ ਕਿਛੁ ਜਨਮੈ ਨਹ ਕਿਛੁ ਮਰੈ ॥
ਆਪਨ ਚਲਿਤੁ ਆਪ ਹੀ ਕਰੈ ॥
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥
ਆਪੇ ਆਪਿ ਸਗਲ ਮਹਿ ਆਪਿ ॥
ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥
ਅਬਿਨਾਸੀ ਨਾਹੀ ਕਿਛੁ ਖੰਡ ॥
ਧਾਰਣ ਧਾਰਿ ਰਹਿਓ ਬ੍ਰਹਮੰਡ ॥
ਅਲਖ ਅਭੇਵ ਪੁਰਖ ਪਰਤਾਪ ॥
ਆਪਿ ਜਪਾਏ ਤ ਨਾਨਕ ਜਾਪ ॥੬॥

Sahib Singh
ਚਲਿਤੁ = ਤਮਾਸ਼ਾ, ਖੇਲ ।
ਆਵਨੁ ਜਾਵਨੁ = ਜਨਮ ਮਰਣ ।
ਦਿ੍ਰਸਟਿ = ਦਿੱਸਦਾ ਜਗਤ, ਅਸਥੂਲ ਸੰਸਾਰ ।
ਅਨਦਿ੍ਰਸਟਿ = ਨਾਹ ਦਿੱਸਦਾ ਸੰਸਾਰ, ਸੂਖਮ ਜਗਤ ।
ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ ।
ਧਾਰੀ = ਟਿਕਾਈ ਹੈ ।
ਜੁਗਤਿ = ਤਰੀਕਿਆਂ ਨਾਲ ।
ਉਥਾਪਿ = ਨਾਸ ਕਰਦਾ ਹੈ ।
ਖੰਡ = ਟੋਟਾ, ਨਾਸ ।
ਧਾਰਣ...ਬ੍ਰਹਮੰਡ = ਬ੍ਰਹਮੰਡ (ਦੀ) ਧਾਰਣ ਧਾਰਿ ਰਹਿਓ ।
ਅਲਖ = ਜੋ ਬਿਆਨ ਨ ਹੋ ਸਕੇ ।
ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ ।
ਤ = ਤਾਂ ।
    
Sahib Singh
ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ; (ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ; ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ—ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ ।
ਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ, ਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ ।
ਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ, ਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ ।
ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ; ਹੇ ਨਾਨਕ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ।੬ ।
Follow us on Twitter Facebook Tumblr Reddit Instagram Youtube