ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥
ਸਦਾ ਸਦਾ ਤਿਸ ਕਉ ਨਮਸਕਾਰੁ ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥
ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥
ਜੈਸਾ ਕਰੇ ਤੈਸਾ ਕੋ ਥੀਆ ॥
ਅਪਨਾ ਖੇਲੁ ਆਪਿ ਕਰਨੈਹਾਰੁ ॥
ਦੂਸਰ ਕਉਨੁ ਕਹੈ ਬੀਚਾਰੁ ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
ਬਡਭਾਗੀ ਨਾਨਕ ਜਨ ਸੇਇ ॥੮॥੧੩॥

Sahib Singh
ਘਟ = ਸਰੀਰ ।
ਤਿਸ ਕੇ = ਉਸ ਪ੍ਰਭੂ ਦੇ ।
ਓਹੁ = ਓਹ ਪ੍ਰਭੂ ।
ਉਸਤਤਿ = ਵਡਿਆਈ ।
ਸਾਸਿ ਗਿਰਾਸਿ = ਸਾਹ ਅੰਦਰ ਬਾਹਰ ਲੈਂਦਿਆਂ ।
ਥੀਆ = ਹੋ ਜਾਂਦਾ ਹੈ ।
ਦੂਸਰੁ = ਦੂਜਾ ।
ਬੀਚਾਰੁ = ਖਿ਼ਆਲ ।
ਜਨ ਸੇਇ = ਸੇਇ ਜਨ, ਉਹ ਮਨੁੱਖ (ਫਲ.) ।
ਕੋ = ਕੋਈ, ਹਰੇਕ ਜੀਵ ।
    
Sahib Singh
ਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ, ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ ।
ਦਿਨ ਰਾਤਿ ਪ੍ਰਭੂ ਦੇ ਗੁਣ ਗਾਓ, ਦਮ-ਬ-ਦਮ ਉਸੇ ਨੂੰ ਯਾਦ ਕਰੋ ।
(ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ, ਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ ।
(ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ ।
ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ ?
ਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ; (ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ।੮।੧੩ ।
Follow us on Twitter Facebook Tumblr Reddit Instagram Youtube