ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥
ਸੰਤ ਕਾ ਦੋਖੀ ਉਝੜਿ ਪਾਈਐ ॥
ਸੰਤ ਕਾ ਦੋਖੀ ਅੰਤਰ ਤੇ ਥੋਥਾ ॥
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥
ਆਪਨ ਬੀਜਿ ਆਪੇ ਹੀ ਖਾਹਿ ॥
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥

Sahib Singh
ਅਧ ਬੀਚ ਤੇ = ਅੱਧ ਵਿਚੋਂ ।
ਕਿਤੈ ਕਾਜਿ = ਕਿਸੇ ਕੰਮ ਕਾਜ ਵਿਚ ।
ਉਦਿਆਨ = ਜੰਗਲ ।
ਭ੍ਰਮਾਈਐ = ਭਟਕਾਈਦਾ ਹੈ ।
ਉਝੜਿ = ਅੌਝੜ ਵਿਚ, ਕੁਰਾਹੇ ।
ਥੋਥਾ = ਖ਼ਾਲੀ ।
ਮਿਰਤਕ = ਮੁਰਦਾ ।
ਜੜ = ਪੱਕੀ ਨੀਂਹ, ਪਾਂਇਆਂ ।
ਬੀਜਿ = ਬੀਜ ਕੇ, ਕਮਾਈ ਕਰ ਕੇ ।
ਖਾਹਿ = ਖਾਂਦੇ ਹਨ ।
ਸੰਤ ਭਾਵੈ = ਸੰਤ ਨੂੰ ਚੰਗਾ ਲੱਗੇ ।
ਲਏ ਉਬਾਰਿ = ਉਬਾਰਿ ਲਏ, ਬਚਾ ਲੈਂਦਾ ਹੈ ।
    
Sahib Singh
ਸੰਤ ਦੀ ਨਿੰਦਿਆ ਕਰਨ ਵਾਲਾ ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ, ਅੱਧ ਵਿਚੋਂ ਹੀ ਰਹਿ ਜਾਂਦਾ ਹੈ ।
ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ ਤੇ (ਰਾਹੋਂ ਖੁੰਝਾ ਕੇ) ਅੌੜਦੇ ਪਾ ਦੇਈਦਾ ਹੈ ।
ਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ, ਤਿਵੇਂ ਹੀ ਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ ।
ਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ, ਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ ।
ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ, (ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ।੫ ।
Follow us on Twitter Facebook Tumblr Reddit Instagram Youtube