ਸਤਿ ਸਤਿ ਸਤਿ ਪ੍ਰਭੁ ਸੁਆਮੀ ॥
ਗੁਰ ਪਰਸਾਦਿ ਕਿਨੈ ਵਖਿਆਨੀ ॥
ਸਚੁ ਸਚੁ ਸਚੁ ਸਭੁ ਕੀਨਾ ॥
ਕੋਟਿ ਮਧੇ ਕਿਨੈ ਬਿਰਲੈ ਚੀਨਾ ॥
ਭਲਾ ਭਲਾ ਭਲਾ ਤੇਰਾ ਰੂਪ ॥
ਅਤਿ ਸੁੰਦਰ ਅਪਾਰ ਅਨੂਪ ॥
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥
ਘਟਿ ਘਟਿ ਸੁਨੀ ਸ੍ਰਵਨ ਬਖ੍ਯਾਣੀ ॥
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥
ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥

Sahib Singh
ਸਤਿ = ਸਦਾ ਕਾਇਮ ਰਹਿਣ ਵਾਲਾ ।
ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ ।
ਕਿਨੈ = ਕਿਸੇ ਵਿਰਲੇ ਨੇ ।
ਵਖਿਆਨੀ = ਬਿਆਨ ਕੀਤੀ ਹੈ ।
ਸਚੁ = ਸਦਾ ਟਿਕਿਆ ਰਹਿਣ ਵਾਲਾ, ਮੁਕੰਮਲ ।
ਚੀਨਾ = ਪਛਾਣਿਆ ਹੈ ।
ਅਨੂਪ = ਜਿਸ ਵਰਗਾ ਹੋਰ ਕੋਈ ਨਹੀਂ ।
ਸ੍ਰਵਨ = ਕੰਨਾਂ (ਦੀ ਰਾਹੀਂ) ।
ਬਖ´ਾਣੀ = (ਜੀਭ ਨਾਲ) ਉਚਾਰੀ ਜਾਂਦੀ ਹੈ ।
ਪੁਨੀਤ = ਪਵਿਤ੍ਰ ।
    
Sahib Singh
(ਸਭ ਦਾ) ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ—ਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਨੇ (ਇਹ ਗੱਲ) ਦੱਸੀ ਹੈ ।
ਜੋ ਕੁਝ ਉਸ ਨੇ ਬਣਾਇਆ ਹੈ ਉਹ ਭੀ ਮੁਕੰਮਲ ਹੈ (ਭਾਵ, ਅਧੂਰਾ ਨਹੀਂ) ਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਪਛਾਣੀ ਹੈ ।
ਹੇ ਅੱਤ ਸੋਹਣੇ, ਬੇਅੰਤ ਤੇ ਬੇ-ਮਿਸਾਲ ਪ੍ਰਭੂ! ਤੇਰਾ ਰੂਪ ਕਿਆ ਪਿਆਰਾ ਪਿਆਰਾ ਹੈ! ਤੇਰੀ ਬੋਲੀ ਭੀ ਮਿੱਠੀ ਮਿੱਠੀ ਹੈ, ਹਰੇਕ ਸਰੀਰ ਵਿਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ, ਤੇ ਜੀਭ ਨਾਲ ਉੱਚਾਰੀ ਜਾ ਰਹੀ ਹੈ (ਭਾਵ, ਹਰੇਕ ਸਰੀਰ ਵਿਚ ਤੂੰ ਆਪ ਹੀ ਬੋਲ ਰਿਹਾ ਹੈਂ) ।
ਹੇ ਨਾਨਕ! (ਜੋ ਅਜੇਹੇ ਪ੍ਰਭੂ ਦਾ) ਨਾਮ ਪ੍ਰੀਤ ਨਾਲ ਮਨ ਵਿਚ ਜਪਦਾ ਹੈ, ਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ ।੮।੧੨ ।
Follow us on Twitter Facebook Tumblr Reddit Instagram Youtube