ਸਹਸ ਖਟੇ ਲਖ ਕਉ ਉਠਿ ਧਾਵੈ ॥
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
ਅਨਿਕ ਭੋਗ ਬਿਖਿਆ ਕੇ ਕਰੈ ॥
ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
ਬਿਨਾ ਸੰਤੋਖ ਨਹੀ ਕੋਊ ਰਾਜੈ ॥
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
ਨਾਮ ਰੰਗਿ ਸਰਬ ਸੁਖੁ ਹੋਇ ॥
ਬਡਭਾਗੀ ਕਿਸੈ ਪਰਾਪਤਿ ਹੋਇ ॥
ਕਰਨ ਕਰਾਵਨ ਆਪੇ ਆਪਿ ॥
ਸਦਾ ਸਦਾ ਨਾਨਕ ਹਰਿ ਜਾਪਿ ॥੫॥

Sahib Singh
ਸਹਸ = ਹਜ਼ਾਰਾਂ (ਰੁਪਏ) ।
ਖਟੇ = ਕਮਾਉਂਦਾ ਹੈ ।
ਲਖ ਕਉ = ਲੱਖਾਂ (ਰੁਪਇਆਂ) ਦੀ ਖ਼ਾਤਰ ।
ਧਾਵੈ = ਦੌੜਦਾ ਹੈ ।
ਤਿ੍ਰਪਤਿ = ਰਜੇਵਾਂ ।
ਪਾਛੈ ਪਾਵੈ = ਜਮ੍ਹਾ ਕਰਦਾ ਹੈ ।
ਬਿਖਿਆ = ਮਾਇਆ ।
ਤਿ੍ਰਪਤਾਵੈ = ਰੱਜਦਾ ਹੈ ।
ਖਪਿ ਖਪਿ = ਦੁੱਖੀ ਹੋ ਹੋ ਕੇ ।
ਮਨੋਰਥ = ਮਨ ਦੇ ਰਥ, ਮਨ ਦੀਆਂ ਦੌੜਾਂ, ਮਨ ਦੇ ਫੁਰਨੇ, ਖ਼ਾਹਸ਼ਾਂ ।
ਬਿ੍ਰਥੇ = ਵਿਅਰਥ ।
    
Sahib Singh
(ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ; ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ ।
ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ, ਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ ।
ਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ, ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ ।ਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ, (ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ ।
(ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ, ਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ।੫ ।
Follow us on Twitter Facebook Tumblr Reddit Instagram Youtube