ਕਬਹੂ ਸਾਧਸੰਗਤਿ ਇਹੁ ਪਾਵੈ ॥
ਉਸੁ ਅਸਥਾਨ ਤੇ ਬਹੁਰਿ ਨ ਆਵੈ ॥
ਅੰਤਰਿ ਹੋਇ ਗਿਆਨ ਪਰਗਾਸੁ ॥
ਉਸੁ ਅਸਥਾਨ ਕਾ ਨਹੀ ਬਿਨਾਸੁ ॥
ਮਨ ਤਨ ਨਾਮਿ ਰਤੇ ਇਕ ਰੰਗਿ ॥
ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥
ਜਿਉ ਜਲ ਮਹਿ ਜਲੁ ਆਇ ਖਟਾਨਾ ॥
ਤਿਉ ਜੋਤੀ ਸੰਗਿ ਜੋਤਿ ਸਮਾਨਾ ॥
ਮਿਟਿ ਗਏ ਗਵਨ ਪਾਏ ਬਿਸ੍ਰਾਮ ॥
ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥

Sahib Singh
ਬਹੁਰਿ = ਮੁੜ, ਵਾਪਸ ।
ਗਿਆਨ ਪਰਗਾਸੁ = ਗਿਆਨ ਦਾ ਪ੍ਰਕਾਸ਼, ਗਿਆਨ ਦਾ ਜਲਵਾ ।
ਇਕ ਰੰਗਿ = ਇਕ ਪ੍ਰਭੂ ਦੇ ਪਿਆਰ ਵਿਚ ।
ਖਟਾਨਾ = ਮਿਲਦਾ ਹੈ ।
ਗਵਨ = ਭਟਕਣਾ, ਜਨਮ ਮਰਨ ਵਿਚ ਫੇਰੇ ।
ਬਿਸ੍ਰਾਮ = ਟਿਕਾਣਾ, ਆਰਾਮ ।
    
Sahib Singh
(ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ ਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ; (ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ (ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ; (ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ ।
(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ ਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ; ਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ ।
ਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ ।੮।੧੧ ।
Follow us on Twitter Facebook Tumblr Reddit Instagram Youtube