ਕਬਹੂ ਹੋਇ ਪੰਡਿਤੁ ਕਰੇ ਬਖ੍ਯਾਨੁ ॥
ਕਬਹੂ ਮੋਨਿਧਾਰੀ ਲਾਵੈ ਧਿਆਨੁ ॥
ਕਬਹੂ ਤਟ ਤੀਰਥ ਇਸਨਾਨ ॥
ਕਬਹੂ ਸਿਧ ਸਾਧਿਕ ਮੁਖਿ ਗਿਆਨ ॥
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥
ਅਨਿਕ ਜੋਨਿ ਭਰਮੈ ਭਰਮੀਆ ॥
ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥
ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥
ਜੋ ਤਿਸੁ ਭਾਵੈ ਸੋਈ ਹੋਇ ॥
ਨਾਨਕ ਦੂਜਾ ਅਵਰੁ ਨ ਕੋਇ ॥੭॥

Sahib Singh
ਬਖ´ਾਨੁ = ਵਖਿਆਨ, ਉਪਦੇਸ਼ ।
ਮੋਨਧਾਰੀ = ਚੁੱਪ ਰਹਿਣ ਵਾਲਾ, ਕਦੇ ਨ ਬੋਲਣ ਵਾਲਾ ।
ਤਟ = ਨਦੀ ਦਾ ਕਿਨਾਰਾ ।
ਸਿਧ = ਪੁੱਗਾ ਹੋਇਆ ਜੋਗੀ ।
ਸਾਧਿਕ = ਸਾਧਨਾ ਕਰਨ ਵਾਲੇ ।
ਮੁਖਿ = ਮੂੰਹ ਤੋਂ ।
ਕੀਟ = ਕੀੜਾ ।
ਹਸਤਿ = ਹਾਥੀ ।
ਪਤੰਗ = ਭੰਬਟ ।
ਭਰਮੀਆ = ਭਵਾਇਆ ਹੋਇਆ, ਭਰਮ ਵਿਚ ਪਾਇਆ ਹੋਇਆ ।
ਨਾਨਾ = ਕਈ ਤ੍ਰਹਾਂ ਦੇ ।
ਪ੍ਰਭ ਭਾਵੈ = ਪ੍ਰਭੂ ਨੂੰ ਭਾਉਂਦਾ ।
    
Sahib Singh
(ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ, ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ; ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ, ਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ; ਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ; ਬਹੁ-ਰੂਪੀਏ ਵਾਂਗ ਕਈ ਤ੍ਰਹਾਂ ਦੇ ਰੂਪ ਵਿਖਾ ਰਿਹਾ ਹੈ, ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ ।
ਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ ।
ਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ।੭ ।
Follow us on Twitter Facebook Tumblr Reddit Instagram Youtube