ਕਹੁ ਮਾਨੁਖ ਤੇ ਕਿਆ ਹੋਇ ਆਵੈ ॥
ਜੋ ਤਿਸੁ ਭਾਵੈ ਸੋਈ ਕਰਾਵੈ ॥
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥
ਜੋ ਤਿਸੁ ਭਾਵੈ ਸੋਈ ਕਰੇਇ ॥
ਅਨਜਾਨਤ ਬਿਖਿਆ ਮਹਿ ਰਚੈ ॥
ਜੇ ਜਾਨਤ ਆਪਨ ਆਪ ਬਚੈ ॥
ਭਰਮੇ ਭੂਲਾ ਦਹ ਦਿਸਿ ਧਾਵੈ ॥
ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥
ਨਾਨਕ ਤੇ ਜਨ ਨਾਮਿ ਮਿਲੇਇ ॥੩॥

Sahib Singh
ਕਹੁ = ਦੱਸੋ ।
ਹਾਥਿ = ਹੱਥ ਵਿਚ, ਵੱਸ ਵਿਚ ।
ਅਨਜਾਨਤ = ਨਾਹ ਜਾਣਦਾ ਹੋਇਆ, ਮੂਰਖ ਹੋਣ ਕਰਕੇ ।
ਬਿਖਿਆ = ਮਾਇਆ ।
ਜਾਨਤ = ਸਮਝ ਵਾਲਾ ਹੋਵੇ ।
ਦਹ = ਦਸ ।
ਦਿਸਿ = ਪਾਸੇ, ਤਰਫ਼ਾਂ ।
ਦਹਦਿਸਿ = ਦਸੀਂ ਪਾਸੀਂ ।
ਧਾਵੈ = ਦੌੜਦਾ ਹੈ ।
ਨਿਮਖ = ਅੱਖ ਦੇ ਫਰਕਣ ਜਿਤਨਾ ਸਮਾ ।
ਕੁੰਟ = ਕੂਟ {ਸ਼ਕਟ. ਕੂਟ—ੲਨਦ, ਚੋਰਨੲਰ} ਨੁੱਕਰਾਂ ।
ਨਾਮਿ = ਨਾਮ ਵਿਚ ।
ਮਿਲੇਇ = ਜੁੜ ਗਏ ਹਨ, ਲੀਨ ਹੋ ਗਏ ਹਨ ।
    
Sahib Singh
ਦੱਸੋ, ਮਨੁੱਖ ਪਾਸੋਂ (ਆਪਣੇ ਆਪ) ਕੇਹੜਾ ਕੰਮ ਹੋ ਸਕਦਾ ਹੈ ?
ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ (ਜੀਵ ਪਾਸੋਂ) ਕਰਾਉਂਦਾ ਹੈ ।
ਇਸ (ਮਨੁੱਖ) ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਏ, (ਪਰ) ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ ।
ਮੂਰਖਤਾ ਦੇ ਕਾਰਣ ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ, ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ; (ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ, ਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ ।
(ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ, ਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ ।੩ ।
Follow us on Twitter Facebook Tumblr Reddit Instagram Youtube