ਭਗਉਤੀ ਭਗਵੰਤ ਭਗਤਿ ਕਾ ਰੰਗੁ ॥
ਸਗਲ ਤਿਆਗੈ ਦੁਸਟ ਕਾ ਸੰਗੁ ॥
ਮਨ ਤੇ ਬਿਨਸੈ ਸਗਲਾ ਭਰਮੁ ॥
ਕਰਿ ਪੂਜੈ ਸਗਲ ਪਾਰਬ੍ਰਹਮੁ ॥
ਸਾਧਸੰਗਿ ਪਾਪਾ ਮਲੁ ਖੋਵੈ ॥
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥
ਮਨੁ ਤਨੁ ਅਰਪੈ ਬਿਸਨ ਪਰੀਤਿ ॥
ਹਰਿ ਕੇ ਚਰਨ ਹਿਰਦੈ ਬਸਾਵੈ ॥
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥

Sahib Singh
ਭਗਉਤੀ = (ਸ਼ਕਟ. ਭਗਵਤੱ) ਭਗਵਾਨ ਦਾ ਉਪਾਸ਼ਕ, ਪਵਿਤ੍ਰ-ਆਤਮਾ ।
ਕਰਿ ਸਗਲ = ਸਗਲ ਕਰਿ, ਸਭ ਥਾਈਂ ਵਿਆਪਕ ਜਾਣ ਕੇ ।
ਅਰਪੈ = ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ ।
    
Sahib Singh
ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ; ਜਿਸ ਦੇ ਮਨ ਵਿਚੋਂ ਹਰ ਤ੍ਰਹਾਂ ਦਾ ਵਹਿਮ ਮਿਟ ਜਾਂਦਾ ਹੈ, ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ ।
ਉਸ ਭਗਉਤੀ ਦੀ ਮਤਿ ਉੱਚੀ ਹੁੰਦੀ ਹੈ, ਜੋ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ ।
ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ; ਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ ।
ਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ ।੩ ।
Follow us on Twitter Facebook Tumblr Reddit Instagram Youtube