ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥

Sahib Singh
ਸਿ੍ਰਸਟਿ = ਦੁਨੀਆ ।
ਸਦ = ਸਦਾ ।
ਮੁਕਤਿ ਜੁਗਤਿ = ਮੁਕਤੀ ਦਾ ਰਸਤਾ ।
ਜੀਅ ਕਾ ਦਾਤਾ = (ਆਤਮਕ) ਜ਼ਿੰਦਗੀ ਦੇਣ ਵਾਲਾ ।
ਬਿਧਾਤਾ = ਪੈਦਾ ਕਰਨ ਵਾਲਾ ।
ਪੂਰਨ ਪੁਰਖੁ = ਸਭ ਵਿਚ ਵਿਆਪਕ ਪ੍ਰਭੂ ।
ਨਾਥੁ = ਖਸਮ ।
ਸਭ ਊਪਰਿ ਹਾਥੁ = ਸਭ ਦੀ ਸਹਾਇਤਾ ਕਰਦਾ ਹੈ ।
ਸਗਲ ਅਕਾਰੁ = ਸਾਰਾ ਦਿੱਸਦਾ ਸੰਸਾਰ ।
ਅਕਾਰੁ = ਸਰੂਪ ।
ਬਨੀ = ਫਬਦੀ ਹੈ ।
ਧਨੀ = ਮਾਲਕ ।
    
Sahib Singh
ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ, ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ ।
ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ, ਉਹੀ ਪੂਰਨ ਪੁਰਖ ਤੇ ਕਾਦਰ ਹੈ ।
ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ, ਸਭ ਦੀ ਸਹਾਇਤਾ ਕਰਦਾ ਹੈ ।
ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ, ਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ ।
ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ; ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ।੮।੮ ।
Follow us on Twitter Facebook Tumblr Reddit Instagram Youtube