ਸਾਧ ਕੈ ਸੰਗਿ ਨਹੀ ਕਛੁ ਘਾਲ ॥
ਦਰਸਨੁ ਭੇਟਤ ਹੋਤ ਨਿਹਾਲ ॥
ਸਾਧ ਕੈ ਸੰਗਿ ਕਲੂਖਤ ਹਰੈ ॥
ਸਾਧ ਕੈ ਸੰਗਿ ਨਰਕ ਪਰਹਰੈ ॥
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥
ਸਾਧਸੰਗਿ ਬਿਛੁਰਤ ਹਰਿ ਮੇਲਾ ॥
ਜੋ ਇਛੈ ਸੋਈ ਫਲੁ ਪਾਵੈ ॥
ਸਾਧ ਕੈ ਸੰਗਿ ਨ ਬਿਰਥਾ ਜਾਵੈ ॥
ਪਾਰਬ੍ਰਹਮੁ ਸਾਧ ਰਿਦ ਬਸੈ ॥
ਨਾਨਕ ਉਧਰੈ ਸਾਧ ਸੁਨਿ ਰਸੈ ॥੬॥

Sahib Singh
ਘਾਲ = ਮੇਹਨਤ, ਤਪ ਆਦਿਕ ਸਹਾਰਨੇ ।
ਹੋਤ = ਹੋ ਜਾਈਦਾ ਹੈ ।
ਨਿਹਾਲ = ਪ੍ਰਸੰਨ ।
ਕਲੂਖਤ = ਪਾਪ, ਵਿਕਾਰ ।
ਹਰੈ = ਦੂਰ ਕਰ ਲੈਂਦਾ ਹੈ ।
ਪਰਹਰੈ = ਪਰੇ ਹਟਾ ਲੈਂਦਾ ਹੈ ।
ਈਹਾ = ਇਸ ਜਨਮ ਵਿਚ, ਇਸ ਲੋਕ ਵਿਚ ।
ਊਹਾ = ਪਰਲੋਕ ਵਿਚ ।
ਸੁਹੇਲਾ = ਸੁਖੀ ।
ਬਿਛੁਰਤ = (ਪ੍ਰਭੂ ਤੋਂ) ਵਿਛੁੜੇ ਹੋਏ ਦਾ ।
ਇਛੈ = ਚਾਹੁੰਦਾ ਹੈ ।
ਬਿਰਥਾ = ਖ਼ਾਲੀ, ਸੱਖਣਾ ।
ਰਿਦ = ਹਿਰਦਾ ।
ਸਾਧ ਰਸੈ = ਸਾਧੂ ਦੀ ਰਸਨਾ ਤੋਂ, ਜੀਭ ਤੋਂ ।
    
Sahib Singh
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ, (ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ ।
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ, (ਤੇ ਇਸ ਤ੍ਰਹਾਂ) ਨਰਕਾਂ ਤੋਂ ਬਚ ਜਾਂਦਾ ਹੈ ।ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ ।
ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਬੇ-ਮੁਰਾਦ ਹੋ ਕੇ ਨਹੀਂ ਜਾਂਦਾ, (ਸਗੋਂ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ ।
ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ; ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ।੬ ।
Follow us on Twitter Facebook Tumblr Reddit Instagram Youtube