ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥
ਮਿਥਿਆ ਹਉਮੈ ਮਮਤਾ ਮਾਇਆ ॥
ਮਿਥਿਆ ਰਾਜ ਜੋਬਨ ਧਨ ਮਾਲ ॥
ਮਿਥਿਆ ਕਾਮ ਕ੍ਰੋਧ ਬਿਕਰਾਲ ॥
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥
ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
ਮਿਥਿਆ ਧ੍ਰੋਹ ਮੋਹ ਅਭਿਮਾਨੁ ॥
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਅਸਥਿਰੁ ਭਗਤਿ ਸਾਧ ਕੀ ਸਰਨ ॥
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥

Sahib Singh
ਮਿਥਿਆ = ਸਦਾ ਨਾਹ ਕਾਇਮ ਰਹਿਣ ਵਾਲਾ, ਜਿਸ ਦਾ ਮਾਣ ਕਰਨਾ ਝੂਠਾ ਹੋਵੇ ।
ਕੁਟੰਬੁ = ਪਰਵਾਰ ।
ਸਬਾਇਆ = ਸਾਰਾ ।
ਮਮਤਾ = ਮਾਲਕੀ ਦਾ ਖਿ਼ਆਲ, ਇਹ ਖਿ਼ਆਲ ਕਿ ਇਹ ਚੀਜ਼ ਮੇਰੀ ਹੈ ।
ਜੋਬਨ = ਜੁਆਨੀ ।
ਬਿਕਰਾਲ = ਡਰਾਉਣਾ ।
ਹਸਤੀ = ਹਾਥੀ ।
ਅਸ੍ਵ = ਘੋੜੇ ।
ਬਸਤ੍ਰਾ = ਕੱਪੜੇ ।
ਰੰਗ ਸੰਗਿ = ਪਿਆਰ ਨਾਲ ।
ਪੇਖਿ = ਵੇਖ ਕੇ ।
ਹਸਤਾ = ਹੱਸਦਾ ਹੈ ।
ਧ੍ਰੋਹ = ਦਗ਼ਾ ।
ਆਪਸ ਊਪਰਿ = ਆਪਣੇ ਉਤੇ ।
ਅਸਥਿਰੁ = ਸਦਾ ਕਾਇਮ ਰਹਿਣ ਵਾਲੀ ।
ਭਗਤਿ = ਬੰਦਗੀ, ਭਜਨ ।
ਜਪਿ ਜਪਿ = ਸਦਾ ਜਪ ਕੇ ।
    
Sahib Singh
(ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ, (ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)—ਇਹਨਾਂ ਉਤੇ ਮਾਣ ਭੀ ਝੂਠਾ ।
ਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ, (ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕ੍ਰੋਧ ਇਹ ਭੀ ਵਿਅਰਥ ਹਨ ।
ਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, (ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ ।
ਦਗ਼ਾ, ਮੋਹ ਤੇ ਅਹੰਕਾਰ—(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ; ਆਪਣੇ ਉਤੇ ਮਾਣ ਕਰਨਾ ਭੀਝੂਠਾ (ਨਸ਼ਾ) ਹੈ ।
ਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ) ।
ਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ।੪ ।
Follow us on Twitter Facebook Tumblr Reddit Instagram Youtube