ਰਤਨੁ ਤਿਆਗਿ ਕਉਡੀ ਸੰਗਿ ਰਚੈ ॥
ਸਾਚੁ ਛੋਡਿ ਝੂਠ ਸੰਗਿ ਮਚੈ ॥
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥
ਜੋ ਹੋਵਨੁ ਸੋ ਦੂਰਿ ਪਰਾਨੈ ॥
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥
ਸੰਗਿ ਸਹਾਈ ਤਿਸੁ ਪਰਹਰੈ ॥
ਚੰਦਨ ਲੇਪੁ ਉਤਾਰੈ ਧੋਇ ॥
ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
ਅੰਧ ਕੂਪ ਮਹਿ ਪਤਿਤ ਬਿਕਰਾਲ ॥
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

Sahib Singh
ਰਚੈ = ਰੁੱਝਾ ਰਹਿੰਦਾ ਹੈ, ਖ਼ੁਸ਼ ਹੁੰਦਾ ਹੈ ।
ਛੋਡਿ = ਛੱਡ ਕੇ ।
ਮਚੈ = ਮੱਚਦਾ ਹੈ, ਭੂਹੇ ਹੁੰਦਾ ਹੈ, ਆਕੜਦਾ ਹੈ ।
ਜੋ = ਜੋ (ਧਨ ਪਦਾਰਥ) ।
ਸੁ = ਉਸ ਨੂੰ ।
ਅਸਥਿਰੁ = ਸਦਾ ਕਾਇਮ ਰਹਿਣ ਵਾਲਾ ।
ਹੋਵਨੁ = ਹੋਵਨਹਾਰ, ਜ਼ਰੂਰ ਹੋਣਾ ਹੈ, (ਭਾਵ, ਮੌਤ) ।
ਪਰਾਨੈ = ਪਛਾਣਦਾ ਹੈ, ਸਮਝਦਾ ਹੈ ।
ਤਿਸ ਕਾ = ਉਸ ਦਾ, ਉਸ ਦੀ ਖ਼ਾਤਰ ।
ਸ੍ਰਮੁ = ਮੇਹਨਤ, ਖੇਚਲ ।
ਸਹਾਈ = ਸਹਾਇਤਾ ਕਰਨ ਵਾਲਾ ।
ਪਰਹਰੈ = ਛੱਡ ਦੇਂਦਾ ਹੈ ।
ਉਤਾਰੈ = ਲਾਹ ਦੇਂਦਾ ਹੈ ।
ਗਰਧਬ ਪ੍ਰੀਤਿ = ਖੋਤੇ ਦਾ ਪਿਆਰ ।
ਭਸਮ = ਸੁਆਹ ।
ਕੂਪ = ਖੂਹ ।
ਪਤਿਤ = ਡਿੱਗਾ ਹੋਇਆ ।
ਬਿਕਰਾਲ = ਡਰਾਉਣਾ ।
ਬਿਕਰਾਲ ਕੂਪ ਮਹਿ = ਭਿਆਨਕ ਖੂਹ ਵਿਚ ।
ਪ੍ਰਭ = ਹੇ ਪ੍ਰਭੂ !
    
Sahib Singh
(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ ।
ਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ ।
ਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ; ਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖਿ਼ਆਲ ਕਰਦਾ ਹੈ ।
ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ; ਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ ।
ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ, ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ ।
(ਜੀਵ ਮਾਇਆ ਦੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ; ਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ।੪ ।
Follow us on Twitter Facebook Tumblr Reddit Instagram Youtube