ਚਾਰਿ ਪਦਾਰਥ ਜੇ ਕੋ ਮਾਗੈ ॥
ਸਾਧ ਜਨਾ ਕੀ ਸੇਵਾ ਲਾਗੈ ॥
ਜੇ ਕੋ ਆਪੁਨਾ ਦੂਖੁ ਮਿਟਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਜੇ ਕੋ ਅਪੁਨੀ ਸੋਭਾ ਲੋਰੈ ॥
ਸਾਧਸੰਗਿ ਇਹ ਹਉਮੈ ਛੋਰੈ ॥
ਜੇ ਕੋ ਜਨਮ ਮਰਣ ਤੇ ਡਰੈ ॥
ਸਾਧ ਜਨਾ ਕੀ ਸਰਨੀ ਪਰੈ ॥
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

Sahib Singh
ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ ।
ਕੋ = ਕੋਈ ਮਨੁੱਖ ।
ਰਿਦੈ = ਹਿਰਦੇ ਵਿਚ ।
ਸਦ = ਸਦਾ ।
ਲੋਰੈ = ਚਾਹੇ ।
ਸਾਧ ਸੰਗਿ = ਭਲਿਆਂ ਦੀ ਸੰਗਤਿ ਵਿਚ (ਰਹਿ ਕੇ) ।
ਛੋਰੈ = ਛੱਡ ਦੇਵੇ ।
ਪ੍ਰਭਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ ।
ਤਾ ਕੈ = ਉਸ ਤੋਂ ।
ਜਾਸਾ = ਜਾਵਾਂ ।
ਬਲਿ ਜਾਸਾ = ਸਦਕੇ ਜਾਵਾਂ ।
    
Sahib Singh
ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ, (ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ ।
ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ ।
ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ ।
ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ, ਤਾਂ ਉਹ ਸੰਤਾਂ ਦੀ ਚਰਨੀਂ ਲੱਗੇ ।
ਹੇ ਨਾਨਕ! (ਆਖ ਕਿ) ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ, ਮੈਂ ਉਸ ਤੋਂ ਸਦਾ ਸਦਕੇ ਜਾਵਾਂ ।੫ ।
Follow us on Twitter Facebook Tumblr Reddit Instagram Youtube