ਹਰਿ ਹਰਿ ਜਨ ਕੈ ਮਾਲੁ ਖਜੀਨਾ ॥
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥
ਹਰਿ ਹਰਿ ਜਨ ਕੈ ਓਟ ਸਤਾਣੀ ॥
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥
ਓਤਿ ਪੋਤਿ ਜਨ ਹਰਿ ਰਸਿ ਰਾਤੇ ॥
ਸੁੰਨ ਸਮਾਧਿ ਨਾਮ ਰਸ ਮਾਤੇ ॥
ਆਠ ਪਹਰ ਜਨੁ ਹਰਿ ਹਰਿ ਜਪੈ ॥
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥
ਨਾਨਕ ਜਨ ਸੰਗਿ ਕੇਤੇ ਤਰੇ ॥੭॥

Sahib Singh
ਜਨ ਕੈ = ਭਗਤ ਦੇ (ਹਿਰਦੇ ਵਿਚ), ਭਗਤ ਵਾਸਤੇ ।
ਖਜੀਨਾ = ਖ਼ਜ਼ਾਨਾ, ਧਨ ।
ਆਪ ਪ੍ਰਭਿ = ਪ੍ਰਭੂ ਨੇ ਆਪ ।
ਸਤਾਣੀ = ਤਾਣ ਵਾਲੀ, ਬਲਵਾਨ, ਤਕੜੀ ।
ਹਰਿ ਪ੍ਰਤਾਪਿ = ਪ੍ਰਭੂ ਦੇ ਪ੍ਰਤਾਪ ਨਾਲ ।
ਅਵਰ = (ਕੋਈ) ਹੋਰ (ਓਟ) ।
ਓਤਿ ਪੋਤਿ = {ਸ਼ਕਟ. ਅੋਤ ਪ੍ਰੋਤ—ਸ਼ੲਾਨ ਚਰੋਸਸਾਸਿੲ ੳਨਦ ਲੲਨਗਟਹਾਸਿੲ, ੲਣਟੲਨਦਨਿਗ ਨਿ ੳਲਲ ਦਰਿੲਚਟੋਿਨਸ} ਤਾਣੇ ਪੇਟੇ ਵਾਂਗ, ਭਾਵ, ਪੂਰੇ ਤੌਰ ਤੇ ਹਰ ਪਾਸਿਓਂ ।
ਰਸਿ = ਰਸ ਵਿਚ ।
ਰਾਤੇ = ਰੰਗੇ ਹੋਏ, ਭਿੱਜੇ ਹੋਏ ।
ਸੁੰਨ = ਸੁੰਞ, ਜਿੱਥੇ ਕੁਝ ਭੀ ਨਾ ਹੋਵੇ ।
ਸੁੰਨ ਸਮਾਧਿ = (ਮਨ ਦਾ ਉਹ) ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ ਹੋਵੇ ।
ਮਾਤੇ = ਮੱਤੇ ਹੋਏ ।
ਬਹੁ = ਬਹੁਤਿਆਂ ਨੂੰ ।
ਕੇਤੇ = ਕਈ ਜੀਵ ।
    
Sahib Singh
ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ, ਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ ।
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ, ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ ।
ਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ, (ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ ।(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ, (ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ ।
ਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ; ਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ।੭ ।
Follow us on Twitter Facebook Tumblr Reddit Instagram Youtube