ਸਲੋਕੁ ॥
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥

Sahib Singh
ਨ ਛੂਟੀਐ = ਸੁਰਖ਼ਰੂ ਨਹੀਂ ਹੋ ਸਕੀਦਾ, ਵਿਕਾਰਾਂ ਦੇ ਕਰਜ਼ੇ ਹੇਠੋਂ ਨਹੀਂ ਨਿਕਲ ਸਕਦੇ ।੧ ।
ਪਉੜੀ = ਲੂਣ ਹਰਾਮੀ—ਖਾਧਾ ਲੂਣ ਹਰਾਮ ਕਰਨ ਵਾਲਾ, ਨ-ਸ਼ੁਕਰਾ, ਅਕਿ੍ਰਤਘਣ ।
ਬੇਗਾਨਾ = ਓਪਰਾ, ਸਾਂਝ ਨਾਹ ਪਾਣ ਵਾਲਾ ।
ਅਲਪ = ਥੋੜੀ ।
ਜੀਉ = ਜਿੰਦ ।
ਪਿੰਡੁ = ਸਰੀਰ ।
ਤਾਹਿ = ਉਸ ਨੂੰ ।
ਤਤ = (ਜਿੰਦ ਤੇ ਸਰੀਰ ਦੇ) ਅਸਲੇ ਨੂੰ ।
ਲਾਹਾ = ਲਾਭ ।
ਦਹਦਿਸਿ = ਦਸੀਂ ਪਾਸੀਂ ।
ਨਿਮਖ = {ਨਿਮੇ—} ਅੱਖ ਫਰਕਣ ਜਿੰਨਾ ਸਮਾ ।
ਮਨਹਿ = ਮਨ ਵਿਚ ।
ਸੰਪੈ = ਧਨ ।
ਲੰਪਟ = ਵਿਸ਼ਈ ।
ਬਿਹਾਇ = ਉਮਰ ਬੀਤਦੀ ਹੈ ।
ਪਾਹਨ = ਪੱਥਰ, ਪੱਥਰ = ਦਿਲ ਬੰਦੇ ।
ਨੀਰਿ = ਪਾਣੀ ਵਿਚ, ਨਾਮ = ਅੰਮਿ੍ਰਤ ਨਾਲ ।੫੨ ।
    
Sahib Singh
ਹੇ ਨਾਨਕ! (ਆਖ—) ਅਸੀ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀ ਕਿਸੇ ਤ੍ਰਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ ।
ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ ।੧ ।
ਪਉੜੀ:- ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ, ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ ।
ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ, ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ ।
ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ—ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ ।
ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ ।
(ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ ।
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮਿ੍ਰਤ ਦੀ ਦਾਤਿ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ ।੫੨ ।
Follow us on Twitter Facebook Tumblr Reddit Instagram Youtube