ਸਲੋਕੁ ॥
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥

Sahib Singh
ਗਵਨ = ਭਟਕਣ ।
ਫਤਿਹ = ਵਿਕਾਰਾਂ ਤੇ ਜਿੱਤ ।
ਮਨਿ ਜੀਤ = ਮਨਿ ਜੀਤੈ, ਮਨ ਜਿੱਤਿਆਂ ।
ਥਿਤਿ = ਇਸਥਿਤੀ, ਮਨ ਦੀ ਅਡੋਲਤਾ ।
ਨਿਤ ਨੀਤ = ਸਦਾ ਲਈ ।
ਫਿਰਨ = ਜਨਮ ਮਰਨ ਦੇ ਗੇੜ ।੧ ।
ਪਉੜੀ: = ਕਲਿਜੁਗ ਮਹਿ = {ਨੋਟ:- ਇਥੇ ਜੁਗਾਂ ਦੇ ਨਿਰਨੇ ਦਾ ਜ਼ਿਕਰ ਨਹੀਂ ਹੈ, ਇਥੇ ਭਾਵ ਹੈ—ਜਗਤ ਵਿਚ} ਸੰਸਾਰ ਵਿਚ ।
ਇਆ ਅਉਸਰੁ = ਅਜੇਹਾ ਮੌਕਾ ।
ਕਟੀਅਹਿ = ਕੱਟੇ ਜਾਂਦੇ ਹਨ, ਕੱਟੇ ਜਾਣਗੇ ।
ਬੇਚਾਰੇ = ਬੇਵੱਸ ਜੀਵ ਨੂੰ, ਜਿਸ ਦੇ ਵੱਸ ਦੀ ਗੱਲ ਨਹੀਂ ।੩੮ ।
    
Sahib Singh
ਹੇ ਨਾਨਕ! ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ ।
ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ।੧ ।
ਪਉੜੀ:- (ਹੇ ਭਾਈ!) ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆਇਆ ਹੈਂ, ਹੁਣ ਤੈਨੂੰ ਸੰਸਾਰ ਵਿਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ ।
(ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ ।
(ਹੇ ਭਾਈ!) ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ ।
ਕੇਵਲ ਇਕ ਪਰਮਾਤਮਾ ਦਾ ਜਾਪ ਕਰਿਆ ਕਰ, ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ ।
(ਪਰ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ—) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ), ਤੂੰ ਆਪ ਕਿਰਪਾ ਕਰ, ਤੇ ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿਚ ਜੋੜ ਲੈ ।੩੮ ।
Follow us on Twitter Facebook Tumblr Reddit Instagram Youtube