ਸਲੋਕੁ ॥
ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥
ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥

Sahib Singh
ਫੂਲਹਿ = ਫੁਲਦੇ ਹਨ, ਆਕੜਦੇ ਹਨ, ਅਹੰਕਾਰ ਕਰਦੇ ਹਨ ।
ਕਾਚੀ = ਨਾਸਵੰਤ ।
ਬਿਕਾਰ = ਬੇਕਾਰ, ਵਿਅਰਥ ।
ਅਹੰਬੁਧਿ = ਮੈਂ ਮੈਂ ਕਰਨ ਵਾਲੀ ਅਕਲ ।੧ ।
ਪਉੜੀ: = ਨਲਿਨੀ = ਤੋਤੇ ਨੂੰ ਫੜਨ ਵਾਲਾ ਯੰਤ੍ਰ ।
    ਇਕ ਚਰਖੜੀ ਜਿਸ ਉਤੇ ਚੋਗਾ ਪਾਇਆ ਹੁੰਦਾ ਹੈ, ਹੇਠਲੇ ਪਾਸੇ ਪਾਣੀ ਦਾ ਭਾਂਡਾ ਰੱਖਿਆ ਹੁੰਦਾ ਹੈ, ਤੋਤਾ ਚੋਗੇ ਦੇ ਲਾਲਚ ਵਿਚ ਉਤੇ ਆ ਬੈਠਦਾ ਹੈ, ਚਰਖੜੀ ਉਲਟ ਜਾਂਦੀ ਹੈ, ਤੋਤਾ ਹੇਠਲੇ ਪਾਸੇ ਪਾਣੀ ਵੇਖ ਕੇ ਚਰਖੜੀ ਨੂੰ ਘੁੱਟ ਕੇ ਫੜ ਲੈਂਦਾ ਹੈ ਤੇ ਉਹ ਆਪ ਹੀ ਫੜਿਆ ਜਾਂਦਾ ਹੈ ।
ਸੂਆ = ਤੋਤਾ ।
ਠਾਕੁਰਿ = ਠਾਕੁਰ ਨੇ ।
ਬਸੁਧਾ = ਧਰਤੀ ।
ਜਿਹ = ਜਿਸ ਨੇ ।
ਮੁਰਾਰੀ = ਪਰਮਾਤਮਾ ।੨੪ ।
    
Sahib Singh
ਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ ।
ਉਹ ‘ਮੈਂ ਵੱਡਾ’ ‘ਮੈਂ ਵੱਡਾ’ ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ ।
ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ।੧ ।
ਪਉੜੀ:- ਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ, ਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ ।
ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ, ਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ ।ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ ਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ) ।
ਹੇ ਨਾਨਕ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ, ਉਸੇ ਨੂੰ ਪਰਮਾਤਮਾ ਮਿਲਦਾ ਹੈ ।੨੪ ।
Follow us on Twitter Facebook Tumblr Reddit Instagram Youtube