ਸਲੋਕੁ ॥
ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥
ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥੧॥

Sahib Singh
ਗਨਿ ਮਿਨਿ = ਗਿਣ ਕੇ, ਮਿਣ ਕੇ ।
ਸਰਪਰ = ਜ਼ਰੂਰ ।
ਅਨਿਤ ਆਸ = ਨਿੱਤ ਨਾਹ ਰਹਿਣ ਵਾਲੇ ਪਦਾਰਥਾਂ ਦੀ ਆਸ ।੧ ।
ਪਉੜੀ: = ਰਵਹੁ = ਚੇਤੇ ਕਰੋ ।
ਨੀਤ = ਨਿੱਤ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਬਿਸਾਸਾ = ਵਿਸਾਹ,ਇਤਬਾਰ ।
ਬਿਲਮ = ਢਿੱਲ ।
ਬੰਧੁ = ਰੁਕਾਵਟ ।
ਬੇਰਾ = ਵੇਲਾ ।
ਫੰਧੁ = ਫਾਹੀ, ਰੱਸਾ ।
ਪੇਖਿ = ਵੇਖ ।
ਲਪਟਾਹਿ = ਚੰਬੜਦੇ ਹਨ ।
ਜਾਹੂ ਮਸਤਕਿ = ਜਿਸ ਦੇ ਮੱਥੇ ਉਤੇ ।
ਪਿ੍ਰਅਹਿ = ਪਿਆਰੇ ਦਾ ।੧੯ ।
    
Sahib Singh
(ਹੇ ਭਾਈ!) ਮਨ ਵਿਚ ਚੰਗੀ ਤ੍ਰਹਾਂ ਵਿਚਾਰ ਕੇ ਵੇਖ ਲਵੋ, ਸਾਰਾ ਜਗਤ ਜ਼ਰੂਰ (ਆਪੋ ਆਪਣੀ ਵਾਰੀ ਇਥੋਂ) ਤੁਰ ਜਾਇਗਾ (ਫਿਰ ਨਾਸਵੰਤ ਦੀਆਂ ਆਸਾਂ ਕਿਉਂ?) ਹੇ ਨਾਨਕ! ਪ੍ਰਭੂ ਦਾ ਨਾਮ ਮਨੁੱਖ ਦੇ ਮਨ ਨੂੰ (ਆਸਾਂ ਆਦਿਕ ਦੇ) ਰੋਗ ਤੋਂ ਬਚਾ ਲੈਂਦਾ ਹੈ, ਗੁਰੂ ਦੀ ਸਰਨ ਪਿਆਂ ਨਾਸ-ਵੰਤ ਪਦਾਰਥਾਂ ਦੀ ਆਸ ਮਿਟ ਜਾਂਦੀ ਹੈ ।੧ ।
ਪਉੜੀ:- (ਹੇ ਮਿੱਤਰ!) ਸੁਆਸ ਸੁਆਸ ਸਦਾ ਗੋਬਿੰਦ ਦਾ ਨਾਮ ਜਪੋ, ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ, (ਵੇਖਣਾ) ਢਿੱਲ ਨ ਕਰਨੀ, ਇਸ ਸਰੀਰ ਦਾ ਕੋਈ ਭਰਵਾਸਾ ਨਹੀਂ ।
ਬਾਲਪਨ ਹੋਵੇ, ਜੁਆਨੀ ਹੋਵੇ ਬੁਢੇਪਾ ਹੋਵੇ (ਮੌਤ ਨੂੰ ਆਉਣ ਤੋਂ ਕਿਸੇ ਵੇਲੇ ਭੀ) ਕੋਈ ਰੁਕਾਵਟ ਨਹੀਂ ਹੈ ।
ਉਸ ਵੇਲੇ ਦਾ ਪਤਾ ਨਹੀਂ ਲੱਗ ਸਕਦਾ, ਜਦੋਂ ਜਮ ਦਾ ਰੱਸਾ (ਗਲ ਵਿਚ) ਆ ਪੈਂਦਾ ਹੈ ।
ਵੇਖੋ! ਗਿਆਨਵਾਨ ਹੋਣ, ਸੁਰਤਿ ਜੋੜਨ ਵਾਲੇ ਹੋਣ, ਸਿਆਣੇ ਹੋਣ, ਕਿਸੇ ਨੇ ਭੀ ਇਸ ਥਾਂ ਸਦਾ ਟਿਕੇ ਨਹੀਂ ਰਹਿਣਾ ।
ਮੂਰਖ ਹੀ ਉਹਨਾਂ ਪਦਾਰਥਾਂ ਨੂੰ ਜੱਫਾ ਮਾਰਦੇ ਹਨ ਜਿਨ੍ਹਾਂ ਨੂੰ (ਆਪੋ ਆਪਣੀ ਵਾਰੀ) ਸਾਰੀ ਲੋਕਾਈ ਛੱਡ ਗਈ ।
ਜਿਸ ਮਨੁੱਖ ਦੇ ਮੱਥੇ ਉਤੇ ਭਾਗਾਂ ਦਾ ਲੇਖ ਉੱਘੜੇ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ ।
ਹੇ ਨਾਨਕ! ਜਿਨ੍ਹਾਂ ਨੂੰ ਪਿਆਰੇ ਪ੍ਰਭੂ ਦਾ ਸੁਹਾਗ (ਖਸਮਾਨਾ) ਨਸੀਬ ਹੈ, ਉਹਨਾਂ ਦਾ ਹੀ ਜਗਤ ਵਿਚ ਆਉਣਾ ਮੁਬਾਰਿਕ ਹੈ ।੧੯ ।
Follow us on Twitter Facebook Tumblr Reddit Instagram Youtube