ਗਉੜੀ ਮਹਲਾ ੫ ॥
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥
ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥
ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥
ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥

ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥
ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥
ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥
ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥
ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥

ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥
ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥
ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥
ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥
ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥

ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥
ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥
ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥
ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥
ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥
ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥

Sahib Singh
ਮੋਹਨ = ਹੇ ਮੋਹਨ ਪ੍ਰਭੂ !
ਅਨੂਪ = ਸੋਹਣੇ ।
ਨਿਰਾਲੀ = ਅਨੋਖੀ, ਵੱਖਰੀ ਕਿਸਮ ਦੀ ।
ਤੂੰ = ਤੈਨੂੰ ।ਨੋਟ: = ਲਫ਼ਜ਼ 'ਤੂੰ' ‘ਤੈਨੂੰ’ ਦੇ ਅਰਥ ਵਿਚ ਅਨੇਕਾਂ ਵਾਰੀ ਵਰਤਿਆ ਮਿਲਦਾ ਹੈ ।
ਵੰਨਗੀ ਮਾਤ੍ਰ ਵੇਖੋ: = 'ਜਿਨਿ ਤੂੰ ਸਾਜਿ ਸਵਾਰਿਆ'—ਸਿਰੀ ਰਾਗ ਮ: ੫, ਪੰਨਾ ੫੧ ।
    'ਜਿਨ ਤੂੰ ਸੇਵਿਆ ਭਾਉ ਕਰਿ'—ਸਿਰੀ ਰਾਗ ਮ: ੫, ਪੰਨਾ ੫੨ ।
'ਗੁਰਮਤਿ ਤੂੰ ਸਲਾਹਣਾ' = ਸਿਰੀ ਰਾਗ ਮ: ੧, ਪੰਨਾ ੬੧ ।
'ਜਿਨ ਤੂੰ ਜਾਤਾ = ਮਾਝ ਮ:੫, ਪੰਨਾ ੧੦੦ ।
    'ਤਿਸੁ ਕੁਰਬਾਨੀ ਜਿਨਿ ਤੂੰ ਸੁਣਿਆ'—ਮਾਝ ਮ: ੫, ਪੰਨਾ ੧੦੨ ।
    'ਗੁਰ ਪਰਸਾਦੀ ਤੂੰ ਪਾਵਣਿਆ'—ਮਾਝ ਮ: ੫, ਪੰਨਾ ੧੩੦ ।
    'ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ'—ਸੁਖਮਨੀ ਮ: ੫, ਪੰਨਾ ੨੬੬} ।
ਮਾਨਹਿ = (ਸਾਰੇ ਜੀਵ) ਮੰਨਦੇ ਹਨ ।
ਰਾਲੀ = ਮਿੱਟੀ, ਨਾਸਵੰਤ ।
ਜਿਨਹਿ = ਜਿਸ ਨੇ ।
ਕਲ = ਸੱਤਾ, ਤਾਕਤ ।
ਤੁਧੁ = ਤੈਨੂੰ ।
ਬਚਨਿ = ਬਚਨ ਦੀ ਰਾਹੀਂ ।
ਬਨਵਾਰੀਆ = ਜਗਤ ਦਾ ਮਾਲਕ ।
ਪੈਜ = ਲਾਜ ।੨ ।
ਤੁਧੁ = ਤੈਨੂੰ ।
ਮੋਹਨ = ਹੇ ਮੋਹਨ ਪ੍ਰਭੂ ।
ਨਿਦਾਨਾ = ਅੰਤ ਨੂੰ ।
ਲਗੈ ਨਾਹੀ = ਪੋਹ ਨਹੀਂ ਸਕਦਾ ।
ਇਕ ਮਨਿ = ਇਕਾਗਰ ਮਨ ਨਾਲ ।
ਧਿਆਵਹੇ = ਧਿਆਵਹਿ, ਧਿਆਉਂਦੇ ਹਨ ।
ਮਨਿ = ਮਨ ਦੀ ਰਾਹੀਂ ।
ਬਚਨਿ = ਬਚਨ ਦੀ ਰਾਹੀਂ ।
ਕਰਮਿ = ਕਰਮ ਦੀ ਰਾਹੀਂ ।
ਪਾਵਹੇ = ਪਾਵਹਿ, ਪਾਂਦੇ ਹਨ ।
ਮਲ ਮੂਤ = ਗੰਦੇ, ਵਿਕਾਰੀ ।
ਜਿ = ਜੇਹੜੇ ਮਨੁੱਖ ।
ਸਿ = ਉਹ ।
ਦੇਖਿ = ਵੇਖ ਕੇ ।
ਸੁਗਿਆਨਾ = ਸਿਆਣੇ ।
ਪੂਰਨ ਪੁਰਖ = ਹੇ ਪੂਰਨ ਸਰਬ-ਵਿਆਪਕ !
    {ਬਾਬਾ ਮੋਹਨ ਜੀ ਨੂੰ ਇਉਂ ਸੰਬੋਧਨ ਨਹੀਂ ਕੀਤਾ ਜਾ ਸਕਦਾ ਸੀ} ।੩ ।
ਮੋਹਨ = ਹੇ ਮੋਹਨ ਪ੍ਰਭੂ !
ਸੁਫਲੁ = ਫਲ ਵਾਲਾ, ਬਾਗ = ਪਰਵਾਰ ਵਾਲਾ, ਜਗਤ-ਰੂਪ ਪਰਵਾਰ ਵਾਲਾ ।
ਸਣੁ = ਸਮੇਤ ।
ਸਣੁ ਪਰਵਾਰੇ = ਪਰਵਾਰ ਸਮੇਤ ਹੈਂ, ਬੇਅੰਤ ਜੀਵਾਂ ਦਾ ਪਿਤਾ ਹੈਂ ।
    ਪੁਤ੍ਰ ਮੀਤ ਭਾਈ ਕੁਟੰਬ ਸਭਿ—ਪੁੱਤਰਾਂ ਮਿੱਤਰਾਂ, ਭਰਾਵਾਂ ਵਾਲੇ ਸਾਰੇ (ਅਨੇਕਾਂ) ਟੱਬਰ ।
{ਨੋਟ: = ਬਾਬਾ ਮੋਹਨ ਜੀ ਨੇ ਸਾਰੀ ਉਮਰ ਵਿਆਹ ਨਹੀਂ ਸੀ ਕੀਤਾ, ਉਹਨਾਂ ਦਾ ਕੋਈ ਟੱਬਰ ਨਹੀਂ ਸੀ} ।
ਤਾਰਿਆ ਜਹਾਨੁ = ਤੂੰ ਸਾਰਾ ਜਹਾਨ ਤਾਰ ਦਿੱਤਾ {ਬਾਬਾ ਮੋਹਨ ਜੀ ਨਹੀਂ, ਇਹ ਮੋਹਨ-ਪ੍ਰਭੂ ਹੀ ਹੋ ਸਕਦਾ ਹੈ} ।
ਟੇਕ = ਆਸਰਾ ।
ਜਿਤੁ = ਜਿਸ 'ਟੇਕ' ਦੀ ਬਰਕਤਿ ਨਾਲ ।੪ ।
    
Sahib Singh
ਹੇ ਮੋਹਨ! ਤੇਰੀ ਸਿਫ਼ਤਿ-ਸਾਲਾਹ ਦੇ ਬਚਨ ਸੋਹਣੇ ਲੱਗਦੇ ਹਨ, ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ ।
ਹੇ ਮੋਹਨ ਜੀ! (ਸਾਰੇ ਜੀਵ) ਸਿਰਫ਼ ਤੈਨੂੰ ਹੀ (ਸਦਾ ਕਾਇਮ ਰਹਿਣ ਵਾਲਾ) ਮੰਨਦੇ ਹਨ, ਹੋਰ ਸਾਰੀ ਸਿ੍ਰਸ਼ਟੀ ਨਾਸ-ਵੰਤ ਹੈ ।
ਹੇ ਮੋਹਨ! ਸਿਰਫ਼ ਤੈਨੂੰ ਇਕ ਨੂੰ (ਅਸਥਿਰ) ਮੰਨਦੇ ਹਨ—ਸਿਰਫ਼ ਤੈਨੂੰ—ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਤੂੰ ਸਭ ਦਾ ਪਾਲਣਹਾਰ ਹੈਂ, ਤੇ ਜਿਸ ਤੈਂ ਨੇ ਸਾਰੀ ਸਿ੍ਰਸ਼ਟੀ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ ।
ਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਬਚਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ ।
ਹੇ ਮੋਹਨ! (ਸਾਰੇ ਜੀਵਾਂ ਵਿਚ ਮੌਜੂਦ ਹੋਣ ਕਰਕੇ) ਤੂੰ ਆਪ ਹੀ (ਉਮਰ ਭੋਗ ਕੇ ਜਗਤ ਤੋਂ) ਚਲਾ ਜਾਂਦਾ ਹੈਂ, ਫਿਰ ਭੀ ਤੂੰ ਹੀ ਆਪ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਜਗਤ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ ।
ਨਾਨਕ ਬੇਨਤੀ ਕਰਦਾ ਹੈ—(ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ ।੨ ।
ਹੇ ਮੋਹਨ ਪ੍ਰਭੂ! ਤੈਨੂੰ ਸਾਧ ਸੰਗਤਿ ਧਿਆਉਂਦੀ ਹੈ, ਤੇਰੇ ਦਰਸਨ ਦਾ ਧਿਆਨ ਧਰਦੀ ਹੈ ।
ਹੇ ਮੋਹਨ ਪ੍ਰਭੂ! ਜੇਹੜੇ ਜੀਵ ਤੈਨੂੰ ਜਪਦੇ ਹਨ, ਅੰਤ ਵੇਲੇ ਮੌਤ ਦਾ ਸਹਮ ਉਹਨਾਂ ਦੇ ਨੇੜੇ ਨਹੀਂ ਢੁਕਦਾ ।
ਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦਾ ਸਹਮ ਉਹਨਾਂ ਨੂੰ ਪੋਹ ਨਹੀਂ ਸਕਦਾ (ਆਤਮਕ ਮੌਤ ਉਹਨਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ) ।
ਜੇਹੜੇ ਮਨੁੱਖ ਆਪਣੇ ਮਨ ਦੀ ਰਾਹੀਂ, ਉਹ ਆਪਣੇ ਬੋਲ ਦੀ ਰਾਹੀਂ, ਆਪਣੇ ਕਰਮ ਦੀ ਰਾਹੀਂ, ਤੈਨੂੰ ਯਾਦ ਕਰਦੇ ਰਹਿੰਦੇ ਹਨ, ਉਹ ਸਾਰੇ (ਮਨ-ਇੱਛਤ) ਫਲ ਪ੍ਰਾਪਤ ਕਰ ਲੈਂਦੇ ਹਨ ।ਹੇ ਸਰਬ-ਵਿਆਪਕ! ਹੇ ਭਗਵਾਨ! ਉਹ ਮਨੁੱਖ ਭੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ (ਪਹਿਲਾਂ) ਗੰਦੇ-ਕੁਕਰਮੀ ਤੇ ਮਹਾ ਮੂਰਖ ਹੁੰਦੇ ਹਨ ।
ਨਾਨਕ ਬੇਨਤੀ ਕਰਦਾ ਹੈ—ਹੇ ਮੋਹਨ! ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਹੈ ।੩ ।
ਹੇ ਮੋਹਨ ਪ੍ਰਭੂ! ਤੂੰ ਬੜਾ ਸੋਹਣਾ ਫਲਿਆ ਹੋਇਆ ਹੈਂ, ਤੂੰ ਬੜੇ ਵੱਡੇ ਪਰਵਾਰ ਵਾਲਾ ਹੈਂ ।
ਹੇ ਮੋਹਨ ਪ੍ਰਭੂ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ ਵੱਡੇ ਟੱਬਰ ਤੂੰ ਸਾਰੇ ਦੇ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈਂ ।
ਹੇ ਮੋਹਨ! ਜਿਨ੍ਹਾਂ ਨੇ ਤੇਰਾ ਦਰਸਨ ਕੀਤਾ, ਉਹਨਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿੱਤਾ ।
ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ ਸਮਰੱਥਾ ਵਾਲਾ ਹੈਂ ।
ਹੇ ਮੋਹਨ! ਜਿਨ੍ਹਾਂ (ਵਡ-ਭਾਗੀਆਂ) ਨੇ ਤੇਰੀ ਸਿਫ਼ਤਿ-ਸਾਲਾਹ ਕੀਤੀ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ ।
ਹੇ ਸਭ ਤੋਂ ਵੱਡੇ! ਸਰਬ-ਵਿਆਪਕ ਪ੍ਰਭੂ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ।
ਨਾਨਕ ਬੇਨਤੀ ਕਰਦਾ ਹੈ—ਮੈਂ ਤੇਰਾ ਹੀ ਆਸਰਾ ਲਿਆ ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ।੪।੨ ।
Follow us on Twitter Facebook Tumblr Reddit Instagram Youtube