ਗਉੜੀ ਮਹਲਾ ੩ ॥
ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥
ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥
ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥
ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥
ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥
ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥

ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥
ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥
ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥
ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥
ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥

ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥
ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥
ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥
ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥
ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥
ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥

ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥
ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥
ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥
ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥
ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥
ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥

Sahib Singh
ਮਾਇਆ ਸਰੁ = ਮਾਇਆ (ਦੇ ਮੋਹ) ਦਾ ਸਰੋਵਰ ।
ਸਬਲੁ = ਬਲ ਵਾਲਾ, ਤਕੜਾ ।
ਵਰਤੈ = ਆਪਣਾ ਪ੍ਰਭਾਵ ਪਾ ਰਿਹਾ ਹੈ ।
ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਅੌਖਾ ਹੈ ।
ਬੋਹਿਥਾ = ਜਹਾਜ਼ ।
ਖੇਵਟੁ = ਮਲਾਹ ।
ਇਨ ਬਿਧਿ = ਇਸ ਤਰੀਕੇ ਨਾਲ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਇਉ = ਇਸ ਤ੍ਰਹਾਂ ।
ਰਾਮ ਨਾਮਿ = ਪਰਮਾਤਮਾ ਦੇ ਨਾਮ ਨੇ ।
ਕਿਲਵਿਖ = ਪਾਪ ।
ਮਨੂਰਾ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ ।
ਕੰਚਨ = ਸੋਨਾ ।੧ ।
ਕਾਮਿ = ਕਾਮ = ਵਾਸਨਾ ਵਿਚ ।
ਵਿਆਪੇ = ਫਸੇ ਰਹਿੰਦੇ ਹਨ ।
ਬਿਧਿ = ਜੁਗਤਿ ।
ਸੁਤ = ਪੁੱਤਰ ।
ਖਰੇ = ਬਹੁਤ ।
ਡੂਬਿ = ਡੁੱਬ ਕੇ, ਮਾਇਆ = ਮੋਹ ਦੇ ਸਰੋਵਰ ਵਿਚ ਨਕਾ-ਨਕ ਫਸ ਕੇ ।
ਮੁਏ = ਆਤਮਕ ਮੌਤ ਮਰ ਗਏ ।
ਗਤਿ = ਆਤਮਕ ਜੀਵਨ ਦੀ ਹਾਲਤ ।
ਧਾਤੁ = ਭਟਕਣਾ ।
ਸੰਸਾਰੇ = ਸੰਸਾਰਿ, ਸੰਸਾਰ ਵਿਚ ।
ਸਭੁਕੋ = ਹਰੇਕ ਜੀਵ ।
ਜਾਸੀ = ਫਸ ਜਾਇਗਾ ।
ਉਬਰੇ = ਬਚ ਗਏ ।
ਵਖਾਣੈ = ਉਚਾਰਦਾ ਹੈ ।
ਘਟ = ਹਿਰਦਾ ।
ਗੁਰਮਤਿ = ਗੁਰੂ ਦੀ ਮਤਿ ਲੈ ਕੇ ।੨ ।
ਕੋ = ਕੋਈ ਭੀ ।
ਥਿਰੁ = ਸਦਾ ਕਾਇਮ ਰਹਿਣ ਵਾਲਾ ।
ਬਾਜੀ = ਖੇਡ ।
ਦਿ੍ਰੜੁ = ਪੱਕੀ ਕਰ ਕੇ ਟਿਕਾ ।
ਸਚੀ = ਸਦਾ ਕਾਇਮ ਰਹਿਣ ਵਾਲੀ ।
ਵਾਪਾਰਾ = ਵਣਜ ।
ਅਗਮ = ਅਪਹੁੰਚ ।
ਅਪਾਰਾ = ਬੇਅੰਤ ।
ਪਾਈਐ = ਹਾਸਲ ਕਰੀਦਾ ਹੈ ।
ਆਪੁ = ਆਪਾ = ਭਾਵ ।
ਮੁਗਧ = ਮੂਰਖ ।
ਸਤਿਗੁਿਰ = ਸਤਿਗੁਰੂ ਨੇ ।
ਮਾਰਗਿ = ਰਸਤੇ ਉਤੇ ।
ਸੁਹਾਵੇ = ਸੋਹਣੇ ਜੀਵਨ ਵਾਲੇ ।
ਅਨਦਿਨੁ = ਹਰ ਰੋਜ਼ ।੩ ।
ਕਰਾਏ = (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ ।
ਆਪੇ = ਆਪ ਹੀ ।
ਸਬਦਿ = ਸ਼ਬਦ ਵਿਚ (ਜੋੜ ਕੇ) ।
ਸਵਾਰੇ = (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈ ।
ਜੁਗੁ ਜੁਗੁ = ਹਰੇਕ ਜੁਗ ਵਿਚ ।
ਦਾਨਾ = ਸਿਆਣਾ, ਜਾਣਨ ਵਾਲਾ ।
ਬੀਨਾ = ਪਰਖਣ ਵਾਲਾ ।
ਹਿਰਦੈ = ਹਿਰਦੇ ਵਿਚ ।
ਵਿਟਹੁ = ਤੋਂ ।੪ ।
    
Sahib Singh
ਮਾਇਆ (ਦੇ ਮੋਹ) ਦਾ ਠਾਠਾਂ ਮਾਰ ਰਿਹਾ ਸਰੋਵਰ ਆਪਣਾ ਜ਼ੋਰ ਪਾ ਰਿਹਾ ਹੈ, ਇਸ ਵਿਚੋਂ ਤਰਨਾ ਭੀ ਬਹੁਤ ਅੌਖਾ ਹੈ ।
(ਹੇ ਭਾਈ!) ਕਿਵੇਂ ਇਸ ਵਿਚੋਂ ਪਾਰ ਲੰਘਿਆ ਜਾਏ ?
ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ ।
ਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ ।
(ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ ।
ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤ੍ਰਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ ।
ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਸਾਰੇ) ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ ।
(ਜਿਸ ਦੇ ਕੱਟੇ ਜਾਂਦੇ ਹਨ, ਉਸ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ ।
ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਮਾਇਆ-ਸਰ ਤੋਂ) ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ (ਵਰਗਾ ਨਕਾਰਾ ਹੋਇਆ ਮਨ) ਸੋਨਾ ਬਣ ਜਾਂਦਾ ਹੈ ।੧ ।
(ਮਾਇਆ ਦੇ ਮੋਹ ਦੇ ਪ੍ਰਭਾਵ ਵਿਚ) ਇਸਤ੍ਰੀ ਅਤੇ ਮਰਦ ਕਾਮ-ਵਾਸ਼ਨਾ ਵਿਚ ਫਸੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ ।
(ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਆਪਣੇ) ਮਾਂ ਪਿਉ ਪੁੱਤਰ, ਭਰਾ (ਹੀ) ਬਹੁਤ ਪਿਆਰੇ ਲੱਗਦੇ ਹਨ, (ਜਿਸ ਸਰੋਵਰ ਵਿਚ) ਪਾਣੀ ਨਹੀਂ, (ਪਾਣੀ ਦੀ ਥਾਂ ਮੋਹ ਹੈ ਉਸ ਵਿਚ) ਡੁੱਬ ਕੇ (ਨਕਾ-ਨਕ ਫਸ ਕੇ) ਆਤਮਕ ਮੌਤ ਸਹੇੜ ਲੈਂਦੇ ਹਨ ।
ਮੋਹ-ਰੂਪੀ ਪਾਣੀ ਵਾਲੇ ਮਾਇਆ-ਸਰ ਵਿਚ ਨਕਾ-ਨਕ ਫਸ ਕੇ ਜੀਵ ਆਤਮਕ ਮੌਤ ਸਹੇੜਦੇ ਹਨ ਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਰਖਦੇ-ਜਾਚਦੇ ।
(ਇਸ ਤ੍ਰਹਾਂ) ਸੰਸਾਰ ਵਿਚ (ਜੀਵਾਂ ਨੂੰ) ਹਉਮੈ ਦੀ ਭਟਕਣਾ ਲੱਗੀ ਹੋਈ ਹੈ ।
ਜੇਹੜਾ ਭੀ ਜੀਵ ਜਗਤ ਵਿਚ (ਜਨਮ ਲੈ ਕੇ) ਆਉਂਦਾ ਹੈ ਉਹ (ਇਸ ਭਟਕਣਾ ਵਿਚ) ਫਸਦਾ ਜਾਂਦਾ ਹੈ, (ਇਸ ਵਿਚੋਂ ਉਹੀ) ਬਚਦੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦੇ ਹਨ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਆਪ (ਇਸ ਮਾਇਆ-ਸਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ ।੨ ।
ਹੇ ਭਾਈ! ਇਹ ਜਗਤ (ਪਰਮਾਤਮਾ ਦੀ ਰਚੀ ਹੋਈ ਇਕ) ਖੇਡ ਹੈ (ਇਸ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ।
ਹੇ ਭਾਈ! ਪਰਮਾਤਮਾ ਦੀ ਭਗਤੀ ਨੂੰ (ਆਪਣੇ ਹਿਰਦੇ ਵਿਚ) ਪੱਕੀ ਤ੍ਰਹਾਂ ਟਿਕਾ ਰੱਖ (ਇਹੀ) ਸਦਾ ਰਹਿਣ ਵਾਲੀ (ਚੀਜ਼) ਹੈ, ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ ।
ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ, ਇਹ ਧਨ ਗੁਰੂ ਦੀ ਮਤਿ ਤੇ ਤੁਰਿਆਂ ਮਿਲਦਾ ਹੈ ।
ਪ੍ਰਭੂ ਦੀ ਸੇਵਾ-ਭਗਤੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਨੀ—ਇਹ ਸਦਾ ਕਾਇਮ ਰਹਿਣ ਵਾਲੀ (ਰਾਸਿ) ਹੈ (ਇਸ ਦੀ ਬਰਕਤਿ ਨਾਲ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਸਕੀਦਾ ਹੈ ।
ਸਾਨੂੰ ਮਤਿ-ਹੀਣਿਆਂ ਨੂੰ, ਮੂਰਖਾਂ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰੂ ਨੇ ਹੀ ਜੀਵਨ ਦੇ ਸਹੀ ਰਸਤੇ ਉਤੇ ਪਾਇਆ ਹੈ ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਤੇ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ।੩ ।
(ਪਰ) ਹੇ ਭਾਈ! (ਜੀਵਾਂ ਦੇ ਕੁੱਝ ਵੱਸ ਨਹੀਂ ।
ਮਾਇਆ-ਸਰ ਵਿਚੋਂ ਡੁੱਬਣ ਤੋਂ ਬਚਾਣ ਵਾਲਾ ਪ੍ਰਭੂ ਆਪ ਹੀ ਹੈ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਭ ਕੁਝ) ਕਰਦਾ ਹੈ, ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ) ਜੀਵਨ ਸੋਹਣੇ ਬਣਾਂਦਾ ਹੈ ।
ਪ੍ਰਭੂ ਆਪ ਹੀ ਸਤਿਗੁਰੂ ਮਿਲਾਂਦਾ ਹੈ, ਆਪ ਹੀ (ਗੁਰੂ ਦਾ) ਸ਼ਬਦ ਬਖ਼ਸ਼ਦਾ ਹੈ, ਤੇ ਆਪ ਹੀ ਹਰੇਕ ਜੁਗ ਵਿਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ ।
ਹਰੇਕ ਜੁਗ ਵਿਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ, ਆਪ ਹੀ (ਉਹਨਾਂ ਨੂੰ) ਭਗਤੀ ਵਿਚ ਜੋੜਦਾ ਹੈ ।
ਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ, ਉਹ ਆਪ ਹੀ (ਆਪਣੇ ਭਗਤਾਂ ਪਾਸੋਂ ਆਪਣੀ) ਸੇਵਾ-ਭਗਤੀ ਕਰਾਂਦਾ ਹੈ ।
(ਹੇ ਭਾਈ!) ਪਰਮਾਤਮਾ ਆਪ ਹੀ (ਆਪਣੇ) ਗੁਣਾਂ ਦੀ ਦਾਤਿ ਬਖ਼ਸ਼ਦਾ ਹੈ, (ਸਾਡੇ) ਅਉਗਣ ਦੂਰ ਕਰਦਾ ਹੈ, ਤੇ (ਸਾਡੇ) ਹਿਰਦੇ ਵਿਚ (ਆਪਣਾ) ਨਾਮ ਵਸਾਂਦਾ ਹੈ ।
ਹੇ ਨਾਨਕ! (ਆਖ—ਮੈਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਭ ਕੁਝ ਕਰਾਂਦਾ ਹੈ ।੪।੪ ।
Follow us on Twitter Facebook Tumblr Reddit Instagram Youtube